July 7, 2024 1:59 pm
ਕਾਬੁਲ ਤੋਂ ਭਾਰਤ ਪਰਤੇ 76 ਲੋਕਾਂ ਵਿਚੋਂ 16 ਦੀ ਰਿਪੋਰਟ ਕੋਰੋਨਾ ਪੋਸਿਟਿਵ ਆਈ

ਕਾਬੁਲ ਤੋਂ ਭਾਰਤ ਪਰਤੇ 76 ਲੋਕਾਂ ਵਿਚੋਂ 16 ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਆਈ

ਚੰਡੀਗੜ੍ਹ ,25 ਅਗਸਤ :ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਦੇ ਚਲਦਿਆਂ ਭਾਰਤ ਦੀ ਉੱਥੋਂ ਦੇ ਨਾਗਰਿਕਾਂ ਨੂੰ ਬਾਹਰ ਕੱਢਣ ਦੀ ਮੁਹਿੰਮ ਜਾਰੀ ਹੈ। ਭਾਰਤ ਵਲੋਂ ਇਸ ਮਿਸ਼ਨ ਨੂੰ ‘ਆਪਰੇਸ਼ਨ ਦੇਵੀ ਸ਼ਕਤੀ’ ਦਾ ਨਾਂ ਦਿੱਤਾ ਗਿਆ।

ਕਾਬੁਲ ਤੋਂ ਬੀਤੇ ਕੱਲ੍ਹ ਦਿਨੀ ਮੰਗਲਵਾਰ ਨੂੰ 78 ਲੋਕਾਂ ਨੂੰ ਏਅਰਲਿਫਟ ਕੀਤਾ ਗਿਆ, ਜਿਨ੍ਹਾਂ ’ਚ 25 ਭਾਰਤ ਦੇ ਨਾਗਰਿਕ ਤੇ ਅਫ਼ਗਾਨ ਸਿੱਖ ਤੇੇ ਹਿੰਦੂ ਸ਼ਾਮਲ ਹਨ। ਭਾਰਤ ਆਏ ਲੋਕਾਂ ’ਚੋਂ ਕਰੀਬ 16 ਕੋਰੋਨਾ ਪਾਜ਼ੇਟਿਵ ਪਾਏ ਗਏ। ਕੋਰੋਨਾ ਪੀੜਤਾਂ ’ਚ 3 ਗ੍ਰੰਥੀ ਵੀ ਸ਼ਾਮਲ ਹਨ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਫ਼ਗਾਨਿਸਤਾਨ ਤੋਂ ਭਾਰਤ ਲਿਆਏ ਸਨ।

ਕੋਰੋਨਾ ਦੀ ਰਿਪੋਰਟ ਆਉਣ ਤੋਂ ਬਾਅਦ ਸਾਰੇ 78 ਲੋਕਾਂ ਨੂੰ ਹੁਣ ਵੱਖ -ਵੱਖ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਹੋਰ ਨੇਤਾ ਵੀ ਇਨ੍ਹਾਂ ਸਾਰਿਆਂ ਦੇ ਸੰਪਰਕ ਵਿਚ ਆਏ ਸਨ।
ਜਿਕਰਯੋਗ ਹੈ ਕਿ ਮੰਗਲਵਾਰ ਨੂੰ ਭਾਰਤ ਆਏ ਸਾਰੇ ਨਾਗਰਿਕਾਂ ਨੂੰ ਪਹਿਲਾਂ ਭਾਰਤੀ ਹਵਾਈ ਫ਼ੌਜ ਦੇ ਫ਼ੌਜੀ ਜਹਾਜ਼ ਜ਼ਰੀਏ ਕਾਬੁਲ ਤੋਂ ਦੁਸ਼ਾਂਬੇ ਪਹੁੰਚਾਇਆ ਗਿਆ। ਇਸ ਤੋਂ ਬਾਅਦ ਏਅਰ ਇੰਡੀਆ ਦੀ ਫਲਾਈਟ ਜ਼ਰੀਏ ਦੁਸ਼ਾਂਬੇ ਤੋਂ ਸਾਰਿਆਂ ਨੂੰ ਦਿੱਲੀ ਲਿਆਯਾ ਗਿਆ।

ਲੋਕਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਪਾਵਨ ਸਰੂਪ ਮਰਿਆਦਾ ਸਹਿਤ ਭਾਰਤ ਲਿਆਂਦੇ ਗਏ। ਦਿੱਲੀ ਦੇ ਹਵਾਈ ਅੱਡੇ ’ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਤੇ ਵੀ. ਮੁਰਲੀਧਰਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪੁਰੀ ਦਿੱਲੀ ਹਵਾਈ ਅੱਡੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਨੰਗੇ ਪੈਰੀਂ ਆਪਣੇ ਸਿਰ ’ਤੇ ਰੱਖ ਕੇ ਬਾਹਰ ਲੈ ਕੇ ਆਏ।

ਭਾਰਤ ਕਰੀਬ 500 ਤੋਂ ਵਧੇਰੇ ਲੋਕਾਂ ਨੂੰ ਅਫ਼ਗਾਨਿਸਤਾਨ ਤੋਂ ਸੁਰੱਖਿਅਤ ਕੱਢ ਕੇ ਭਾਰਤ ਲਿਆ ਚੁੱਕਾ ਹੈ। ਭਾਰਤ ਰੋਜ਼ਾਨਾ ਦੋ ਜਹਾਜ਼ਾਂ ‘ਚ ਲੋਕਾਂ ਨੂੰ ਲਿਆਉਣ ਦੇ ਕੰਮ ’ਚ ਜੁੱਟਿਆ ਹੋਇਆ। ਅਫ਼ਗਾਨਿਸਤਾਨ ਤੋਂ ਵਾਪਸ ਲਿਆਂਦੇ ਜਾ ਰਹੇ ਲੋਕਾਂ ਨਾਲ ਪੂਰੀ ਚੌਕਸੀ ਵਰਤੀ ਜਾ ਰਹੀ ਹੈ।

ਕੋਰੋਨਾ ਵਾਇਰਸ ਆਫ਼ਤ ਨੂੰ ਵੇਖਦੇ ਹੋਏ ਲੋਕਾਂ ਨੂੰ ਅਲਗ ਅਲਗ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਟੈਸਟ ਵੀ ਕੀਤੇ ਜਾ ਰਹੇ ਹਨ।