July 7, 2024 2:37 pm
Nurses

ਨਰਸਾਂ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ: ਸਿਹਤ ਮੰਤਰੀ ਡਾ.ਬਲਬੀਰ ਸਿੰਘ

ਐਸ.ਏ.ਐਸ. ਨਗਰ, 12 ਮਈ 2023: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਨਰਸਾਂ (Nurses) ਨੂੰ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਦੱਸਦਿਆਂ ਮਨੁੱਖਤਾ ਦੀ ਬਿਹਤਰੀ ਲਈ ਨਿਰਸਵਾਰਥ ਅਤੇ ਸਮਰਪਿਤ ਸੇਵਾਵਾਂ ਦੇਣ ਲਈ ਪੰਜਾਬ ਦੀਆਂ ਨਰਸਾਂ ਦਾ ਧੰਨਵਾਦ ਕੀਤਾ। ਅੱਜ ਸਥਾਨਿਕ ਡਾ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਖੇ ਅੰਤਰਰਾਸ਼ਟਰੀ ਨਰਸ ਦਿਵਸ ਮੌਕੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਨਰਸਾਂ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ, ਅਤੇ ਉਨ੍ਹਾਂ ਦਾ ਤਜਰਬਾ ਅਤੇ ਮੁਹਾਰਤ ਸਿਹਤ ਸੰਭਾਲ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਬਹੁਤ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੋਵਿਡ-19 ਮਹਾਂਮਾਰੀ ਦੇ ਸਮੇਂ ਦੌਰਾਨ ਨਰਸਾਂ ਮੋਹਰਲੀ ਕਤਾਰ ਵਿੱਚ ਰਹੀਆਂ ਜਿਨ੍ਹਾਂ ਨੇ ਮਰੀਜ਼ਾਂ ਨੂੰ ਢੁੱਕਵੀਂ ਦੇਖਭਾਲ ਪ੍ਰਦਾਨ ਕਰਨ ਦੇ ਨਾਲ ਨਾਲ ਇਸ ਔਖੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰਾਂ ਦਾ ਵੀ ਖਿਆਲ ਰੱਖਿਆ। ਉਨ੍ਹਾਂ ਅੱਗੇ ਕਿਹਾ ਕਿ ਨਰਸਾਂ ਦੁਆਰਾ ਸਿਹਤ ਸੰਭਾਲ ਪ੍ਰਣਾਲੀ ਵਿੱਚ ਨਿਭਾਈ ਜਾਂਦੀ ਭੂਮਿਕਾ ਅਤੇ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦੇਣਾ ਬਹੁਤ ਮਹੱਤਵਪੂਰਨ ਹੈ। ਇਸ ਦੌਰਾਨ ਸਿਹਤ ਮੰਤਰੀ ਨੇ ਨਰਸਾਂ ਦੀ ਸਿਖਲਾਈ ਵਿੱਚ ਨਿਵੇਸ਼ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ।

ਡਾਇਰੈਕਟਰ ਪ੍ਰਿੰਸੀਪਲ, ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਡਾ. ਭਵਨੀਤ ਭਾਰਤੀ ਨੇ ਕਿਹਾ ਕਿਮਰੀਜ਼ਾਂ ਪ੍ਰਤੀ ਨਰਸਾਂ (Nurses) ਦੇ ਨਿਰਸਵਾਰਥ ਸਮਰਪਣ ਅਤੇ ਹਮਦਰਦੀ ਸ਼ਲਾਘਾਯੋਗ ਹੈ। ਨਰਸਿੰਗ ਸੁਪਰਡੈਂਟ ਸ਼੍ਰੀਮਤੀ ਜਸਵਿੰਦਰ ਕੌਰ ਨੇ ਇਸ ਸਾਲ ਦੀ ਥੀਮ – ਸਾਡੀਆਂ ਨਰਸਾਂ, ਸਾਡਾ ਭਵਿੱਖ ’ਤੇ ਚਰਚਾ ਕੀਤੀ। ਆਧੁਨਿਕ ਨਰਸਿੰਗ ਦੇ ਬਾਨੀ – ਫਲੋਰੈਂਸ ਨਾਈਟਿੰਗੇਲ ਨੂੰ ਦਰਸਾਉਂਦਾ ਇੱਕ ਰੋਲ ਪਲੇਅ ਬਣਾਇਆ ਗਿਆ ਸੀ। ਸ਼੍ਰੀਮਤੀ ਕਮਲਪ੍ਰੀਤ ਕੌਰ ਨੇ ਨਰਸਾਂ ਦੀਆਂ ਵੱਖ-ਵੱਖ ਭੂਮਿਕਾਵਾਂ ਦਾ ਪ੍ਰਦਰਸ਼ਨ ਕੀਤਾ ਜੋ ਮਰੀਜ਼ਾਂ ਦੀ ਸੇਵਾ ਲਈ ਨਿਭਾਉਂਦੀਆਂ ਹਨ।

ਇਸ ਮੌਕੇ ਵਧੀਕ ਮੁੱਖ ਸਕੱਤਰ ਸੀਮਾ ਜੈਨ, ਡਾ: ਅਵਨੀਸ਼ ਕੁਮਾਰ (ਡੀਆਰਐਮਈ/ਵੀ.ਸੀ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼) ਅਤੇ ਸ੍ਰੀ ਰਾਹੁਲ ਗੁਪਤਾ (ਐਡੀਸ਼ਨਲ ਸਕੱਤਰ ਐਮ.ਈ.ਆਰ.) ਵੀ ਹਾਜ਼ਰ ਸਨ। ਇਸ ਮੌਕੇ ਨਰਸਿੰਗ ਵਿਦਿਆਰਥਣਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।