July 7, 2024 7:13 pm
Nupur Sharma

ਨੂਪੁਰ ਸ਼ਰਮਾ ਨੂੰ ਵਿਵਾਦਿਤ ਟਿੱਪਣੀ ਲਈ ਪੂਰੇ ਦੇਸ਼ ਤੋਂ ਮੰਗਣੀ ਚਾਹੀਦੀ ਹੈ ਮੁਆਫੀ : ਸੁਪਰੀਮ ਕੋਰਟ

ਚੰਡੀਗੜ੍ਹ 01 ਜੁਲਾਈ 2022: ਭਾਰਤੀ ਜਨਤਾ ਪਾਰਟੀ ਦੀ ਮੁਅੱਤਲ ਆਗੂ ਨੂਪੁਰ ਸ਼ਰਮਾ (Nupur Sharma) ਨੂੰ ਪੈਗੰਬਰ ਮੁਹੰਮਦ ‘ਤੇ ਟਿੱਪਣੀ ਦੇ ਮਾਮਲੇ ਅੱਜ ਸੁਪਰੀਮ ਕੋਰਟ ਤੋਂ ਸਖ਼ਤ ਫਟਕਾਰ ਲੱਗੀ ਹੈ। ਇਸ ਦੌਰਾਨ ਅਦਾਲਤ ਨੇ ਕਿਹਾ ਕਿ ਨੂਪੁਰ ਦੀ ਵਿਵਾਦਿਤ ਟਿੱਪਣੀ ਕਾਰਨ ਪੂਰੇ ਦੇਸ਼ ਵਿਚ ਹਿੰਸਾ ਭੜਕੀ ਸੀ ਅਤੇ ਇਸ ਕਾਰਨ ਸੁਰੱਖਿਆ ਨੂੰ ਵੀ ਨੁਕਸਾਨ ਪਹੁੰਚਿਆ ਸੀ।

ਸੁਪਰੀਮ ਕੋਰਟ ਨੇ ਕਿਹਾ ਕਿ ਨੂਪੁਰ ਨੂੰ ਇਸ ਲਈ ਪੂਰੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਦੱਸ ਦਈਏ ਕਿ ਨੂਪੁਰ ਨੇ ਆਪਣੀ ਵਿਵਾਦਿਤ ਟਿੱਪਣੀ ਨੂੰ ਲੈ ਕੇ ਕਈ ਰਾਜਾਂ ‘ਚ ਦਰਜ ਐੱਫਆਈਆਰਜ਼ ਨੂੰ ਦਿੱਲੀ ਟ੍ਰਾਂਸਫਰ ਕਰਨ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਇਸ ਦੌਰਾਨ ਨੂਪੁਰ ਸ਼ਰਮਾ ਦਾ ਕਹਿਣਾ ਹੈ ਕਿ ਉਸ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਇਸ ਲਈ ਉਹ ਪੇਸ਼ੀ ਲਈ ਦੂਜੇ ਰਾਜਾਂ ਵਿਚ ਨਹੀਂ ਜਾ ਸਕਦੀ।

ਇਸ ਸੁਣਵਾਈ ਦੌਰਾਨ ਅਦਾਲਤ ਨੇ ਨੂਪੁਰ ਨੂੰ ਫਟਕਾਰ ਲਗਾਈ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਨੂਪੁਰ ਦੀ ਉਸ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤਾ, ਜਿਸ ‘ਚ ਉਸ ਨੇ ਆਪਣੇ ਖਿਲਾਫ ਕਈ ਰਾਜਾਂ ‘ਚ ਦਰਜ ਸਾਰੇ ਮਾਮਲਿਆਂ ਨੂੰ ਦਿੱਲੀ ਟਰਾਂਸਫਰ ਕਰਨ ਦੀ ਅਪੀਲ ਕੀਤੀ ਸੀ। ਅਦਾਲਤ ਨੇ ਨੁਪੁਰ ਦੇ ਵਕੀਲ ਨੂੰ ਇਸ ਮਾਮਲੇ ਵਿੱਚ ਸਬੰਧਤ ਹਾਈਕੋਰਟ ਵਿੱਚ ਜਾਣ ਦਾ ਸੁਝਾਅ ਦਿੱਤਾ ਹੈ।