Nuh violence

ਨੂਹ ਹਿੰਸਾ ਇੱਕ ਸੋਚੀ ਸਮਝੀ ਸਾਜ਼ਿਸ਼, 70 ਜਣਿਆਂ ਨੂੰ ਹਿਰਾਸਤ ‘ਚ ਲਿਆ: CM ਮਨੋਹਰ ਲਾਲ ਖੱਟਰ

ਚੰਡੀਗੜ੍ਹ, 01 ਅਗਸਤ 2023: ਹਰਿਆਣਾ ਦੇ ਨੂਹ ‘ਚ ਦੋ ਭਾਈਚਾਰਿਆਂ ਵਿਚਾਲੇ ਹਿੰਸਾ (Nuh Violence) ਅਤੇ ਹੰਗਾਮੇ ਤੋਂ ਬਾਅਦ ਤਣਾਅ ਬਣਿਆ ਹੋਇਆ ਹੈ। ਇਸ ਸਬੰਧੀ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਆਪਣੇ ਨਿਵਾਸ ਸਥਾਨ ‘ਤੇ ਸਮੀਖਿਆ ਬੈਠਕ ਕੀਤੀ, ਜਿਸ ‘ਚ ਰਾਜ ਦੇ ਗ੍ਰਹਿ ਮੰਤਰੀ ਅਨਿਲ ਵਿਜ ਅਤੇ ਮੁੱਖ ਸਕੱਤਰ ਸੰਜੀਵ ਕੌਸ਼ਲ ਦੇ ਨਾਲ-ਨਾਲ ਪੁਲਿਸ ਡਾਇਰੈਕਟਰ ਜਨਰਲ ਪੀਕੇ ਅਗਰਵਾਲ ਸਮੇਤ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਨੂਹ ਵਿੱਚ ਜੋ ਵੀ ਘਟਨਾ ਵਾਪਰੀ ਉਹ ਮੰਦਭਾਗੀ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਸੀਨੀਅਰ ਪੁਲਿਸ ਅਧਿਕਾਰੀ ਮੌਕੇ ’ਤੇ ਭੇਜ ਦਿੱਤੇ ਗਏ। ਉਨ੍ਹਾਂ ਅੱਗੇ ਕਿਹਾ ਕਿ ਇਹ ਇੱਕ ਸਮਾਜਿਕ ਯਾਤਰਾ ਹੈ ਜੋ ਹਰ ਸਾਲ ਕੱਢੀ ਜਾਂਦੀ ਹੈ। ਇਸ ‘ਤੇ ਕੁਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ, ਇੱਥੋਂ ਤੱਕ ਕਿ ਪੁਲਿਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ।

ਸੀਐਮ ਮਨੋਹਰ ਨੇ ਇਸ ਪੂਰੀ ਘਟਨਾ (Nuh Violence) ਨੂੰ ਸੋਚੀ ਸਮਝੀ ਸਾਜ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਕ ਸਾਜ਼ਿਸ਼ ਤਹਿਤ ਯਾਤਰਾ ਵਿੱਚ ਵਿਘਨ ਪਾਇਆ ਗਿਆ, ਵਾਹਨਾਂ ਨੂੰ ਅੱਗ ਲਗਾਈ ਗਈ। ਹਾਲਾਂਕਿ ਨੂਹ ਸਮੇਤ ਸਾਰੀਆਂ ਥਾਵਾਂ ‘ਤੇ ਸਥਿਤੀ ਹੁਣ ਆਮ ਵਾਂਗ ਹੈ। ਕੁੱਲ 70 ਜਣਿਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਨੂਹ ਜ਼ਿਲੇ ਅਤੇ ਆਸਪਾਸ ਦੇ ਇਲਾਕਿਆਂ ‘ਚ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਹੈ। ਨੂਹ ‘ਚ ਵੀ ਕਰਫਿਊ ਲਗਾ ਦਿੱਤਾ ਗਿਆ ਹੈ ਅਤੇ ਕੁਝ ਥਾਵਾਂ ‘ਤੇ ਧਾਰਾ 144 ਵੀ ਲਗਾਈ ਗਈ ਹੈ। ਕਰੀਬ 44 ਐਫਆਈਆਰ ਦਰਜ ਕੀਤੀਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਦੋ ਪੁਲੀਸ ਮੁਲਾਜ਼ਮ ਅਤੇ ਤਿੰਨ ਆਮ ਵਿਅਕਤੀ ਮਾਰੇ ਗਏ ਹਨ। ਅਸੀਂ ਉਨ੍ਹਾਂ ਦੀ ਹਰ ਸੰਭਵ ਮੱਦਦ ਕਰਾਂਗੇ। ਇਸ ਦੇ ਨਾਲ ਹੀ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਨੂਹ ਤੋਂ ਬਾਹਰ ਦੇ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਹਿੰਸਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਸਮੂਹ ਨਾਗਰਿਕਾਂ ਨੂੰ ਸ਼ਾਂਤੀ ਬਹਾਲੀ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ। ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇੰਟਰਨੈੱਟ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ। ਸਥਿਤੀ ਨੂੰ ਕਾਬੂ ਹੇਠ ਕਰਨ ਲਈ ਅਰਧ ਸੈਨਿਕ ਬਲਾਂ ਦੀਆਂ ਲਗਭਗ 13 ਕੰਪਨੀਆਂ ਅਤੇ ਹਰਿਆਣਾ ਪੁਲਿਸ ਦੀਆਂ 40 ਕੰਪਨੀਆਂ ਨੂੰ ਪੂਰੇ ਖੇਤਰ ਵਿੱਚ ਤਾਇਨਾਤ ਕੀਤਾ ਗਿਆ ਹੈ।

Scroll to Top