25 ਅਕਤੂਬਰ 2024: ਹੁਣ ਪ੍ਰਦੂਸ਼ਣ ਕੰਟਰੋਲ ਬੋਰਡ (Pollution Control board) ਵੀ ਪ੍ਰਦੂਸ਼ਣ ਵਧਾਉਣ ਵਾਲੀਆਂ ਕੱਪੜਾ ਰੰਗਣ ਵਾਲੀਆਂ ਫੈਕਟਰੀਆਂ ਖ਼ਿਲਾਫ਼ ਸਖ਼ਤੀ ਕਰਦਾ ਨਜ਼ਰ ਆ ਰਿਹਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਿਫ਼ਾਰਸ਼ ਤੋਂ ਬਾਅਦ ਬਿਜਲੀ ਵਿਭਾਗ ਵੱਲੋਂ ਇਨ੍ਹਾਂ ਫੈਕਟਰੀਆਂ (factories) ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਰਹੇ ਹਨ। ਅਗਸਤ ਮਹੀਨੇ ਤੋਂ ਹੁਣ ਤੱਕ ਕਰੀਬ 117 ਕੁਨੈਕਸ਼ਨ ਕੱਟੇ ਜਾ ਚੁੱਕੇ ਹਨ। ਕਈ ਕੁਨੈਕਸ਼ਨ ਛੇ ਮਹੀਨਿਆਂ ਲਈ ਅਤੇ ਕਈ ਅਣਮਿੱਥੇ ਸਮੇਂ ਲਈ ਕੱਟੇ ਗਏ ਹਨ।
ਇਸ ‘ਤੇ ਲੁਧਿਆਣਾ ਰੇਂਜ ਦੇ ਪੀ.ਐਸ.ਪੀ.ਸੀ.ਐਲ ਦੇ ਮੁਖੀ ਨੇ ਕਿਹਾ ਕਿ 250 ਦੇ ਕਰੀਬ ਅਜਿਹੀਆਂ ਫੈਕਟਰੀਆਂ ਹਨ, ਜਿਨ੍ਹਾਂ ਖਿਲਾਫ ਕਾਰਵਾਈ ਲਈ ਅਸੀਂ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਲਿਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਸਾਰੀਆਂ ਫੈਕਟਰੀਆਂ ਦੇ ਕੁਨੈਕਸ਼ਨ ਕੱਟ ਰਹੇ ਹਾਂ। ਇਨ੍ਹਾਂ ਵਿੱਚੋਂ ਜ਼ਿਆਦਾਤਰ ਉਹੀ ਕਾਰਖਾਨੇ ਹਨ ਜੋ ਬੁੱਢੇ ਨਾਲੇ ਵਿੱਚ ਪ੍ਰਦੂਸ਼ਣ ਫੈਲਾ ਰਹੇ ਹਨ ਜਾਂ ਕੱਪੜੇ ਰੰਗ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਡੇਅਰੀਆਂ ਦੇ ਕੁਨੈਕਸ਼ਨ ਵੀ ਕੱਟੇ ਗਏ ਹਨ।
ਦੂਜੇ ਪਾਸੇ ਡਾਇੰਗ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਚੌਹਾਨ ਨੇ ਕਿਹਾ ਕਿ ਬਿਜਲੀ ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਫੈਕਟਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪਰ ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਕੁਨੈਕਸ਼ਨ ਕੱਟਣ ਸਬੰਧੀ ਚੋਣਵੀਂ ਨੀਤੀ ਅਪਣਾ ਰਿਹਾ ਹੈ। ਕਈਆਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ ਜਦਕਿ ਕਈਆਂ ਦੇ ਕੁਨੈਕਸ਼ਨ ਕੱਟਣੇ ਬਾਕੀ ਹਨ, ਨੋਟਿਸਾਂ ਦੇ ਬਾਵਜੂਦ ਉਨ੍ਹਾਂ ਫੈਕਟਰੀਆਂ ਦੇ ਬਿਜਲੀ ਕੁਨੈਕਸ਼ਨ ਚਾਲੂ ਹਨ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਨੂੰ ਵਿਵਾਦ ਦੀ ਬਜਾਏ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਸਿਫ਼ਾਰਸ਼ਾਂ ਅਨੁਸਾਰ ਕਾਰਵਾਈ ਕਰਨੀ ਚਾਹੀਦੀ ਹੈ।