ਚੰਡੀਗੜ੍ਹ,12 ਫਰਵਰੀ 2024: ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਅਤੇ ਖੇਡਾਂ ਬਾਰੇ ਮੰਤਰੀ ਅਨੁਰਾਗ ਠਾਕੁਰ (Anurag Thakur) ਅੱਜ ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਪਹੁੰਚੇ। ਇਸ ਦੌਰਾਨ ਦਿੱਲੀ ਤੱਕ ਕਿਸਾਨਾਂ ਦੇ ਮਾਰਚ ਬਾਰੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਜੇਕਰ ਪਿਛਲੇ 10 ਸਾਲਾਂ ਵਿੱਚ ਕਾਂਗਰਸ ਦੀ ਤੁਲਨਾ ਭਾਜਪਾ ਨਾਲ ਕਰੀਏ ਤਾਂ ਹੁਣ ਕਿਸਾਨਾਂ ਦੀ ਗੱਲ ਸੁਣੀ ਜਾ ਰਹੀ ਹੈ, ਪਰ ਕਾਂਗਰਸ ਦੇ ਸਮੇਂ ਅਜਿਹਾ ਨਹੀਂ ਹੋਇਆ।
ਉਨ੍ਹਾਂ (Anurag Thakur) ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨੀਤੀ ਤਹਿਤ ਕਿਸਾਨਾਂ ਵਿੱਚ 2.80 ਲੱਖ ਕਰੋੜ ਰੁਪਏ ਵੰਡੇ ਗਏ ਹਨ। ਹਰ ਸਾਲ ਸਾਡੀ ਸਰਕਾਰ ਯੂਰੀਆ ਖਾਦ ‘ਤੇ ਲਗਭਗ 3 ਲੱਖ ਕਰੋੜ ਰੁਪਏ ਦੀ ਸਬਸਿਡੀ ਦੇ ਰਹੀ ਹੈ। ਦੁਨੀਆ ਭਰ ਵਿੱਚ ਖਾਦ ਦੀਆਂ ਕੀਮਤਾਂ ਵਧੀਆਂ ਹਨ, ਪਰ ਭਾਰਤ ਵਿੱਚ ਨਹੀਂ। ਵਿਰੋਧੀ ਪਾਰਟੀਆਂ ‘ਤੇ ਦੋਸ਼ ਲਗਾਉਂਦੇ ਹੋਏ ਮੰਤਰੀ ਨੇ ਕਿਹਾ ਕਿ ਐਮਐਸਪੀ ਦੇ ਨਾਂ ‘ਤੇ ਕਿਸਾਨਾਂ ਵਿਚ ਭਰਮ ਫੈਲਾਇਆ ਜਾ ਰਿਹਾ ਹੈ, ਅਜਿਹਾ ਕਈ ਆਗੂਆਂ ਨੇ ਕੀਤਾ ਹੈ।
ਅਸੀਂ ਕਾਂਗਰਸ ਸਰਕਾਰ ਦੇ ਸਮੇਂ ਨਾਲੋਂ ਕਿਸਾਨਾਂ ਨੂੰ ਵੱਧ ਸਹੂਲਤਾਂ ਦੇ ਰਹੇ ਹਾਂ। ਸਾਡੀ ਸਰਕਾਰ ਨੇ ਸਵਾਮੀਨਾਥਨ ਰਿਪੋਰਟ ਨੂੰ ਲੈ ਕੇ ਵੀ ਕਈ ਕਦਮ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਭੜਕਾਉਣ ਤੋਂ ਇਲਾਵਾ ਕੁਝ ਨਹੀਂ ਕੀਤਾ। ਸਾਡੀ ਸਰਕਾਰ ਨੇ ਝੋਨੇ ਅਤੇ ਕਣਕ ਦੀ ਖੇਤੀ ਵਿੱਚ ਹੀ ਕਿਸਾਨਾਂ ਦੀ ਮੱਦਦ ਕੀਤੀ। ਕਾਂਗਰਸ ਸਰਕਾਰ ਦੇ ਮੁਕਾਬਲੇ ਅਸੀਂ ਕਿਸਾਨਾਂ ਤੋਂ ਦੁੱਗਣੇ ਤੋਂ ਵੱਧ ਮੁੱਲ ਖਰੀਦੇ ਅਤੇ ਵੱਧ ਭਾਅ ਵੀ ਅਦਾ ਕੀਤੇ।
ਅਨੁਰਾਗ ਠਾਕੁਰ ਇੱਥੇ ਨਿਯੁਕਤੀ ਪੱਤਰ ਪ੍ਰਾਪਤ ਕਰਨ ‘ਤੇ 1 ਲੱਖ ਤੋਂ ਵੱਧ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦੇਣ ਆਏ ਸਨ। ਉਨ੍ਹਾਂ ਕਿਹਾ ਕਿ ਹੁਣ ਅਸੀਂ ਭਾਰਤ ਸਰਕਾਰ ਵਿੱਚ ਭਰਤੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾ ਦਿੱਤਾ ਹੈ।
ਜਦੋਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੂੰ ਕਤਰ ‘ਚ 8 ਫੌਜੀਆਂ ਦੀ ਮੌਤ ਦੀ ਸਜ਼ਾ ਮੁਆਫ਼ੀ ‘ਤੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਆਣਪ ਕਾਰਨ ਹੀ ਸੰਭਵ ਹੋ ਸਕਿਆ ਹੈ। ਅਨੁਰਾਗ ਠਾਕੁਰ ਨੇ ਦੱਸਿਆ ਕਿ ਕਰੀਬ 45 ਦਿਨ ਪਹਿਲਾਂ ਸਾਬਕਾ ਫੌਜੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਪਰ ਜਦੋਂ ਭਾਰਤ ਨੇ ਗੱਲਬਾਤ ਸ਼ੁਰੂ ਕੀਤੀ ਤਾਂ ਉਸ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ। ਜਦੋਂ ਭਾਰਤ ਨੇ ਆਪਣਾ ਸਖ਼ਤ ਰੁਖ ਦਿਖਾਇਆ ਤਾਂ ਕਤਰ ਨੇ ਸਾਰੇ ਭਾਰਤੀ ਫੌਜੀਆਂ ਨੂੰ ਰਿਹਾਅ ਕਰਨ ਲਈ ਸਹਿਮਤੀ ਦਿੱਤੀ। ਅੱਜ ਸਾਰੇ ਸਾਬਕਾ ਫੌਜੀ ਆਪਣੇ ਘਰਾਂ ਵਿੱਚ ਹਨ। ਸਾਡੀ ਸਰਕਾਰ ਲਈ ਹਰ ਜ਼ਿੰਦਗੀ ਕੀਮਤੀ ਹੈ।