Malwa Canal

Malwa Canal: ਹੁਣ ਮਾਲਵੇ ਖੇਤਰ ਦੇ ਖੇਤਾਂ ਦੀ ਪਿਆਸ ਬੁਝਾਏਗੀ ‘ਮਾਲਵਾ ਨਹਿਰ’

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮਾਲਵੇ ਨੂੰ ਵੱਡਾ ਤੋਹਫ਼ਾ
ਹੁਣ ਮਾਲਵੇ ਖੇਤਰ ਦੇ ਖੇਤਾਂ ਦੀ ਪਿਆਸ ਬੁਝਾਏਗੀ ‘ਮਾਲਵਾ ਨਹਿਰ’

ਚੰਡੀਗੜ੍ਹ 26 ਦਸੰਬਰ 2024: Malwa Canal: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਿੰਜਾਈ ਲਈ ਨਹਿਰੀ ਪਾਣੀ ਦੀ ਮੰਗ ਪੂਰੀ ਕਰਨ ਦੇ ਨਾਲ-ਨਾਲ ਪੰਜਾਬ ‘ਚ ਪਾਣੀ ਦੀ ਕਮੀ ਨਾਲ ਨਜਿੱਠਣ ਅਤੇ ਟਿਕਾਊ ਖੇਤੀ ਗਤੀਵਿਧੀਆਂ ਨੂੰ ਹੁਲਾਰਾ ਉਪਰਾਲੇ ਕਰਨੇ ਸ਼ੁਰੂ ਕੀਤੇ ਹਨ | ਇਸ ਤਹਿਤ ਪੰਜਾਬ ਸਰਕਾਰ ਨੇ ਸੂਬੇ ‘ਚ ‘ਮਾਲਵਾ ਨਹਿਰ’ ਦਾ ਨਵਾਂ ਨਹਿਰੀ ਪ੍ਰੋਜੈਕਟ ਲਿਆਂਦਾ ਹੈ |

ਪੰਜਾਬ ਦਾ ਮਾਲਵਾ ਖੇਤਰ ਸੂਬੇ ’ਚ ਸਭ ਤੋਂ ਵੱਡਾ ਇਲਾਕਾ ਵੀ ਹੈ ਅਤੇ ਪੰਜਾਬ ਦੀ ਖੇਤੀਬਾੜੀ ਵਿੱਚ ਮਾਲਵੇ ਖੇਤਰ ਨੇ ਅਹਿਮ ਯੋਗਦਾਨ ਦਿੱਤਾ ਹੈ| ਪਰ ਇਸ ਖੇਤਰ ਦੇ ਕੁਝ ਜ਼ਿਲ੍ਹੇ ਅਜਿਹੇ ਨੇ ਜੋ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਨਹਿਰੀ ਪਾਣੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ, ਇਸ ਇਲਾਕੇ ਦੀਆਂ ਉਮੀਦਾਂ ਬਿਲਕੁਲ ਟੁੱਟ ਚੁੱਕੀਆਂ ਸਨ ਹੁਣ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਕਿਸਾਨਾਂ ਲਈ ਵੱਡੀ ਰਾਹਤ ਲੈ ਕੇ ਆਈ ਹੈ |

ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਸ ਨਹਿਰੀ ਪ੍ਰੋਜੈਕਟ ਨਾਲ ਪੰਜਾਬ ‘ਚ ਕਰੀਬ 2 ਲੱਖ ਏਕੜ ਜ਼ਮੀਨ ਦੀ ਸਿੰਚਾਈ ਕਰਨ ‘ਚ ਮੱਦਦ ਮਿਲੇਗੀ | ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿੱਚ ਕੋਈ ਨਵੀਂ ਨਹਿਰ ਬਣ ਰਹੀ ਹੈ |

ਇਹ ‘ਮਾਲਵਾ ਨਹਿਰ’ 149.53 ਕਿਲੋਮੀਟਰ ਲੰਬੀ ਹੋਵੇਗੀ, ਇਸਦੇ ਨਾਲ ਹੀ ਚੌੜਾਈ 50 ਫੁੱਟ, 12.5 ਫੁੱਟ ਡੂੰਘਾਈ ਅਤੇ 500 ਮੋਘੇ ਹੋਣਗੇ | ਨਹਿਰ ਦੀ ਪ੍ਰਸਤਾਵਿਤ ਸਮਰੱਥਾ 2000 ਕਿਊਸਿਕ ਹੈ | ਇਸ ਨਹਿਰ ਨੂੰ 2300 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ।

ਪੰਜਾਬ ਸਰਕਾਰ ਮੁਤਾਬਕ ਇਹ ਨਹਿਰ ਹਰੀਕੇ ਹੈੱਡਵਰਕਸ ਤੋਂ ਲੈ ਕੇ ਰਾਜਸਥਾਨ ਫੀਡਰ ਨਹਿਰ ਦੇ ਖੱਬੇ ਪਾਸੇ ਦੇ ਨਾਲ-ਨਾਲ ਇਸ ਦੇ ਹੈੱਡਵਰਕ ਤੋਂ ਪਿੰਡ ਵੜਿੰਗ ਖੇੜਾ ਤੱਕ ਬਣਾਈ ਜਾਵੇਗੀ | ਇਸ ਮਾਲਵਾ ਨਹਿਰ ਦਾ ਕੁਝ ਹਿੱਸਾ ਰਾਜਸਥਾਨ ਸਰਕਾਰ ਦੀ ਪੰਜਾਬ ‘ਚ ਸਥਿਤ ਜ਼ਮੀਨ ‘ਚ ਵੀ ਬਣੇਗਾ ਜੋ ਰਾਜਸਥਾਨ ਫੀਡਰ ਦੇ ਨਿਰਮਾਣ ਲਈ ਐਕੁਆਇਰ ਕੀਤੀ ਸੀ।

ਮਾਲਵਾ ਨਹਿਰ (Malwa Canal) ਦਾ ਨਿਰਮਾਣ ਪੰਜਾਬ ਲਈ ਬਹੁਤ ਅਹਿਮ ਹੈ, ਕਿਉਂਕਿ ਸਾਉਣੀ ਦੇ ਸੀਜ਼ਨ ਦੌਰਾਨ ਫਿਰੋਜ਼ਪੁਰ ਫੀਡਰ ਦੀ ਮੰਗ ਜ਼ਿਆਦਾ ਹੋਣ ਕਾਰਨ ਪੰਜਾਬ ਦੀ ਸਮੁੱਚੀ ਮੰਗ ਨੂੰ ਪੂਰਾ ਕਰਨ ਔਖਾ ਹੈ ਜਾਂ ਫਿਰ ਕਹਿ ਲਈਏ ਅਸੰਭਵ ਹੈ | ਇਸਦੇ ਨਤੀਜੇ ਵਜੋਂ ਸਰਹਿੰਦ ਫੀਡਰ ਦੀ ਸਪਲਾਈ ਵੀ ਪ੍ਰਭਾਵਿਤ ਹੁੰਦੀ ਹੈ। ਇਸ ਕਰਕੇ ਪੰਜਾਬ ਨੂੰ ਆਪਣੀਆਂ ਨਹਿਰਾਂ ਰੋਟੇਸ਼ਨ ‘ਤੇ ਚਲਾਉਣੀਆਂ ਪੈਂਦੀਆਂ ਹਨ।

ਸਰਹਿੰਦ ਫੀਡਰ ਦੀ ਆਰ.ਡੀ. 7100 ਤੋਂ 430080 ਦੇ ਦਰਮਿਆਨ 302 ਲਿਫਟ ਪੰਪ ਚੱਲ ਰਹੇ ਹਨ, ਜੋ ਰਾਜਸਥਾਨ ਫੀਡਰ ਦੇ ਖੱਬੇ ਪਾਸੇ ਵਾਲੇ ਖੇਤਰ ਨੂੰ ਸਿੰਚਾਈ ਕਰਦੇ ਹਨ ਜਦਕਿ ਸ਼ੁਰੂ ‘ਚ ਰੋਪੜ ਹੈੱਡ ਵਰਕਸ ਤੋਂ ਸਰਹਿੰਦ ਨਹਿਰ ਪ੍ਰਣਾਲੀ (ਅਬੋਹਰ ਬ੍ਰਾਂਚ ਅੱਪਰ ਅਤੇ ਬਠਿੰਡਾ ਬ੍ਰਾਂਚ) ਦੁਆਰਾ ਸਿੰਚਾਈ ਜਾਂਦੀ ਸੀ।

ਪੰਜਾਬ ਦੇ ਅਬੋਹਰ ਅਤੇ ਫਾਜ਼ਿਲਕਾ ਦੀ ਨਹਿਰੀ ਸਪਲਾਈ ਲਈ ਪਾਣੀ ਦੀ ਘਾਟ ਹੁੰਦੀ ਹੈ। ਇਸ ਖੇਤਰ ‘ਚ ਸਿੰਚਾਈ ਦੀ ਸਹੂਲਤ ਨੂੰ ਵਧੀਆ ਬਣਾਉਣ ਲਈ ਮੌਜੂਦਾ ਸਰਕਾਰ ਨੇ ਜੌੜੀਆਂ ਨਹਿਰਾਂ ਰਾਜਸਥਾਨ ਫੀਡਰ ਅਤੇ ਸਰਹਿੰਦ ਫੀਡਰ ਦੇ ਬਰਾਬਰ ਇੱਕ ਹੋਰ ਨਹਿਰ ‘ਮਾਲਵਾ ਨਹਿਰ’ ਬਣਾਉਣ ਦਾ ਵੱਡਾ ਫੈਸਲਾ ਲਿਆ ਗਿਆ ਹੈ।

ਇਸ ਨਾਲ ਸਰਹਿੰਦ ਫੀਡਰ ਤੋਂ ਅਬੋਹਰ ਖੇਤਰ ਲਈ ਵਧੇਰੇ ਪਾਣੀ ਮੁਹੱਈਆ ਹੋਵੇਗਾ। ਇਸ ਨਹਿਰ ਦੇ ਬਣਨ ਨਾਲ ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਬਠਿੰਡਾ, ਜ਼ੀਰਾ ਦੇ ਖੇਤਰਾਂ ਦੇ ਨਾਲ-ਨਾਲ ਅਬੋਹਰ, ਫਿਰੋਜ਼ਪੁਰ ਅਤੇ ਫਾਜ਼ਿਲਕ ਦੇ ਖੇਤਰਾਂ ਨੂੰ ਉਨ੍ਹਾਂ ਦੇ ਹਿੱਸੇ ਦਾ ਪਾਣੀ ਮਿਲੇਗਾ। ਜਿਸ ਨਾਲ ਇਸ ਖੇਤਰ ਦੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ |

Read More: ‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਤਹਿਤ ਘਰ ਬੈਠੇ ਹੀ ਪ੍ਰਾਪਤ ਕਰੋ 43 ਪ੍ਰਕਾਰ ਦੀਆਂ ਸਰਕਾਰੀ ਸੇਵਾਵਾਂ

Scroll to Top