ਚੰਡੀਗੜ੍ਹ, 27 ਜਨਵਰੀ 2023: ਸਰਬੀਆ ਦੇ ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ (Novak Djokovic) 10ਵੀਂ ਵਾਰ ਆਸਟ੍ਰੇਲੀਅਨ ਓਪਨ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚ ਗਏ ਹਨ। ਉਨਾਂ ਨੇ ਸੈਮੀਫਾਈਨਲ ਵਿੱਚ ਟੌਮੀ ਪਾਲ ਨੂੰ ਸਿੱਧੇ ਸੈੱਟਾਂ ਵਿੱਚ 7-5, 6-1, 6-2 ਨਾਲ ਹਰਾਇਆ। ਇਸ ਜਿੱਤ ਨਾਲ ਜੋਕੋਵਿਚ 10ਵੀਂ ਵਾਰ ਆਸਟ੍ਰੇਲੀਅਨ ਓਪਨ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਨੌਂ ਵਾਰ ਜਦੋਂ ਜੋਕੋਵਿਚ ਇਸ ਗਰੈਂਡ ਸਲੈਮ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚੇ ਹਨ ਅਤੇ ਜਿੱਤ ਵੀ ਚੁੱਕੇ ਹਨ |
ਯਾਨੀ ਜੋਕੋਵਿਚ ਹੁਣ ਤੱਕ ਨੌਂ ਵਾਰ ਆਸਟ੍ਰੇਲੀਅਨ ਓਪਨ ਦੇ ਖ਼ਿਤਾਬ ਜਿੱਤ ਚੁੱਕੇ ਹਨ। ਜੋਕੋਵਿਚ ਨੇ 2008, 2011, 2012, 2013, 2015, 2016, 2019, 2020 ਅਤੇ 2021 ਵਿੱਚ ਖ਼ਿਤਾਬ ਜਿੱਤਿਆ ਸੀ। ਵੀਜ਼ਾ ਕਾਰਨਾਂ ਕਰਕੇ ਜੋਕੋਵਿਚ 2022 ਵਿੱਚ ਇਹ ਟੂਰਨਾਮੈਂਟ ਨਹੀਂ ਖੇਡ ਸਕੇ ਸਨ। 2022 ਵਿੱਚ ਰਾਫੇਲ ਨਡਾਲ ਨੇ ਆਸਟ੍ਰੇਲੀਅਨ ਓਪਨ ਦਾ ਖਿਤਾਬ ਜਿੱਤਿਆ ਸੀ।
ਖ਼ਿਤਾਬੀ ਮੁਕਾਬਲੇ ਵਿੱਚ ਜੋਕੋਵਿਚ (Novak Djokovic) ਦਾ ਸਾਹਮਣਾ ਗ੍ਰੀਸ ਦੇ ਸਟੇਫਾਨੋਸ ਸਿਟਸਿਪਾਸ ਨਾਲ ਹੋਵੇਗਾ। ਇਸ ਦੇ ਨਾਲ ਹੀ 24 ਸਾਲਾ ਸਿਟਸਿਪਾਸ ਆਸਟ੍ਰੇਲੀਅਨ ਓਪਨ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਦੂਜਾ ਸਭ ਤੋਂ ਘੱਟ ਉਮਰ ਦਾ ਪੁਰਸ਼ ਖਿਡਾਰੀ ਬਣ ਗਿਆ ਹੈ। ਇਸ ਤੋਂ ਪਹਿਲਾਂ ਜੋਕੋਵਿਚ 2011 ਵਿੱਚ 23 ਸਾਲ ਦੀ ਉਮਰ ਵਿੱਚ ਫਾਈਨਲ ਵਿੱਚ ਪੁੱਜੇ ਸਨ। ਜੋਕੋਵਿਚ ਅਤੇ ਸਿਟਸਿਪਾਸ ਵਿਚਾਲੇ ਜੋ ਵੀ ਖ਼ਿਤਾਬ ਜਿੱਤੇਗਾ, ਉਹ ਏਟੀਪੀ ਰੈਂਕਿੰਗ ਵਿੱਚ ਨੰਬਰ ਇੱਕ ਬਣ ਜਾਵੇਗਾ।