ਦਿੱਲੀ, 02 ਮਈ 2025: National Herald money laundering case: ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ ‘ਚ ਦਿੱਲੀ ਦੀ ਇੱਕ ਅਦਾਲਤ ਨੇ ਕਾਂਗਰਸ ਆਗੂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕੀਤਾ ਹੈ। ਦੂਜੀ ਸੁਣਵਾਈ ਦਿੱਲੀ ਦੇ ਰਾਉਸ ਐਵੇਨਿਊ ਕੋਰਟ ‘ਚ ਹੋਈ। ਇਸ ਤੋਂ ਪਹਿਲਾਂ 25 ਅਪ੍ਰੈਲ ਨੂੰ ਅਦਾਲਤ ਨੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਅਦਾਲਤ ਨੇ ਈਡੀ ਨੂੰ ਹੋਰ ਢੁਕਵੇਂ ਦਸਤਾਵੇਜ਼ ਲਿਆਉਣ ਅਤੇ ਕਮੀਆਂ ਨੂੰ ਦੂਰ ਕਰਨ ਲਈ ਕਿਹਾ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 8 ਮਈ ਨੂੰ ਹੋਵੇਗੀ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨੈਸ਼ਨਲ ਹੈਰਾਲਡ ਮਾਮਲੇ ‘ਚ ਨਾਲ ਜੁੜੇ ਈਡੀ ਨੇ ਮਨੀ ਲਾਂਡਰਿੰਗ ਮਾਮਲੇ (National Herald money laundering case) ‘ਚ ਚਾਰਜਸ਼ੀਟ ਦਾਇਰ ਕੀਤੀ ਸੀ, ਇਸ ‘ਚ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਦੁਆਲੇ ਸ਼ਿਕੰਜਾ ਕੱਸਿਆ ਸੀ। ਈਡੀ ਨੇ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ‘ਚ ਚਾਰਜਸ਼ੀਟ ਦਾਇਰ ਕੀਤੀ ਸੀ। ਈਡੀ ਨੇ ਮਨੀ ਲਾਂਡਰਿੰਗ ਮਾਮਲੇ ‘ਚ ਆਗੂਆਂ ਸੋਨੀਆ ਅਤੇ ਰਾਹੁਲ ਨੂੰ ਮੁਲਜ਼ਮ ਬਣਾਇਆ ਹੈ। ਚਾਰਜਸ਼ੀਟ ‘ਚ ਸੀਨੀਅਰ ਕਾਂਗਰਸੀ ਆਗੂ ਸੈਮ ਪਿਤਰੋਦਾ, ਸੁਮਨ ਦੂਬੇ ਸਮੇਤ ਕਈ ਨੇਤਾਵਾਂ ਦੇ ਨਾਮ ਵੀ ਸ਼ਾਮਲ ਹਨ।
ਕੀ ਹੈ ਨੈਸ਼ਨਲ ਹੈਰਾਲਡ ਮਾਮਲਾ ?
ਨੈਸ਼ਨਲ ਹੈਰਾਲਡ ਅਖਬਾਰ ਦੀ ਸਥਾਪਨਾ 1938 ਵਿੱਚ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕੀਤੀ ਸੀ। ਇਹ ਆਜ਼ਾਦੀ ਸੰਗਰਾਮ ਦਾ ਪ੍ਰਤੀਕ ਸੀ, ਇਸਨੂੰ ਐਸੋਸੀਏਟਿਡ ਜਰਨਲਜ਼ ਲਿਮਟਿਡ ਯਾਨੀ ਏਜੇਐਲ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ। 2008 ‘ਚ ਵਿੱਤੀ ਸੰਕਟ ਤੋਂ ਬਾਅਦ ਇਹ ਅਖ਼ਬਾਰ ਬੰਦ ਹੋ ਗਿਆ ਸੀ ਅਤੇ ਇੱਥੋਂ ਹੀ ਇਹ ਵਿਵਾਦ ਸ਼ੁਰੂ ਹੋਇਆ ਸੀ।
ਇਸ ਤੋਂ ਬਾਅਦ 2010 ‘ਚ ਯੰਗ ਇੰਡੀਆ ਪ੍ਰਾਈਵੇਟ ਲਿਮਟਿਡ (YIL) ਨਾਮ ਦੀ ਇੱਕ ਕੰਪਨੀ ਬਣਾਈ ਗਈ, ਜਿਸ ‘ਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ 38-38% ਹਿੱਸੇਦਾਰੀ ਹੈ। ਇਸ ਮਾਮਲੇ ‘ਚ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਨੇ 2012 ‘ਚ ਦੋਸ਼ ਲਗਾਇਆ ਸੀ ਕਿ YIL ਨੇ AJL ਦੀਆਂ 2000 ਕਰੋੜ ਰੁਪਏ ਤੋਂ ਵੱਧ ਦੀਆਂ ਜਾਇਦਾਦਾਂ ਸਿਰਫ਼ 50 ਲੱਖ ਰੁਪਏ ‘ਚ ਹਾਸਲ ਕੀਤੀਆਂ ਸਨ ਅਤੇ ਇਹ ਧੋਖਾਧੜੀ ਅਤੇ ਮਨੀ ਲਾਂਡਰਿੰਗ ਦਾ ਮਾਮਲਾ ਸੀ।
Read More: ਨੈਸ਼ਨਲ ਹੈਰਾਲਡ ਮਾਮਲੇ ‘ਚ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀਆਂ ਵਧੀਆਂ ਮੁਸ਼ਕਿਲਾਂ, ED ਵੱਲੋਂ ਚਾਰਜਸ਼ੀਟ ਦਾਇਰ