ਸਿਵਲ ਸਰਜਨ

ਫਤਿਹਗੜ੍ਹ ਸਾਹਿਬ ਦੇ ਸਿਵਲ ਸਰਜਨ ਤੇ SMO ਨੂੰ ਨੋਟਿਸ ਜਾਰੀ, ਚੈਕਿੰਗ ਦੌਰਾਨ ਪਾਏ ਗਏ ਗੈਰ-ਹਾਜ਼ਰ

ਚੰਡੀਗੜ੍ਹ, 13 ਮਾਰਚ 2025: ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਵੇਰੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦਾ ਅਚਨਚੇਤ ਨਿਰੀਖਣ ਕੀਤਾ। ਨਿਰੀਖਣ ਦੌਰਾਨ, ਰਜਿਸਟ੍ਰੇਸ਼ਨ ਕਾਊਂਟਰ ਅਤੇ ਓਪੀਡੀ ਕਮਰੇ ਬੰਦ ਪਾਏ ਗਏ, ਜਿਸ ਕਾਰਨ ਮਰੀਜ਼ ਲੰਬੀਆਂ ਕਤਾਰਾਂ ‘ਚ ਉਡੀਕ ਕਰ ਰਹੇ ਸਨ। ਇਨ੍ਹਾਂ ਜ਼ਰੂਰੀ ਸੇਵਾਵਾਂ ਦੇ ਪ੍ਰਬੰਧਨ ਲਈ ਜ਼ਿੰਮੇਵਾਰ ਸਟਾਫ਼ ਵੀ ਆਪਣੇ ਸਥਾਨਾਂ ਤੋਂ ਗੈਰ-ਹਾਜ਼ਰ ਪਾਇਆ ਗਿਆ।

ਸਿਹਤ ਮੰਤਰੀ ਦੇ ਨਿਰਦੇਸ਼ਾਂ ‘ਤੇ ਤੁਰੰਤ ਕਾਰਵਾਈ ਕਰਦਿਆਂ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ ਨੇ ਇਸ ਗੰਭੀਰ ਪ੍ਰਸ਼ਾਸਕੀ ਲਾਪਰਵਾਹੀ ‘ਤੇ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਸਿਵਲ ਸਰਜਨ ਅਤੇ ਸੀਨੀਅਰ ਮੈਡੀਕਲ ਅਫਸਰ (ਐਸ.ਐਮ.ਓ.) ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ । ਇਨ੍ਹਾਂ ਅਧਿਕਾਰੀਆਂ ਨੂੰ ਦਿਨ ਦੇ ਅੰਤ ਤੱਕ ਸਪੱਸ਼ਟੀਕਰਨ ਦੇਣ ਦੇ ਹੁਕਮ ਦਿੱਤੇ ਗਏ ਹਨ।

ਸਿਹਤ ਮੰਤਰੀ ਨੇ ਸਥਿਤੀ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ, “ਇਹ ਅਸਵੀਕਾਰਨਯੋਗ ਹੈ ਕਿ ਮਰੀਜ਼ਾਂ ਨੂੰ ਰਜਿਸਟ੍ਰੇਸ਼ਨ ਕਾਊਂਟਰ ਅਤੇ ਓਪੀਡੀ ਕਮਰੇ ਬੰਦ ਹੋਣ ‘ਤੇ ਕਤਾਰਾਂ ‘ਚ ਇੰਤਜ਼ਾਰ ਕਰਨਾ ਪਵੇ। ਅਜਿਹੀ ਲਾਪਰਵਾਹੀ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।”

ਪੰਜਾਬ ਸਰਕਾਰ ਦੀ ਮਰੀਜ਼ਾਂ ਦੀ ਭਲਾਈ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਡਾ. ਬਲਬੀਰ ਸਿੰਘ ਨੇ ਸਾਰੇ ਸਿਹਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਉਹ ਸਾਰੀਆਂ ਸਰਕਾਰੀ ਸਿਹਤ ਸਹੂਲਤਾਂ ‘ਚ ਰਜਿਸਟ੍ਰੇਸ਼ਨ ਕਾਊਂਟਰ ਸਵੇਰੇ 8:30 ਵਜੇ ਤੱਕ ਖੋਲ੍ਹਣ ਅਤੇ ਸਵੇਰੇ 9:00 ਵਜੇ ਤੋਂ ਓਪੀਡੀ ਸੇਵਾਵਾਂ ਸ਼ੁਰੂ ਕਰਨ।

ਮੰਤਰੀ ਨੇ ਅੱਗੇ ਕਿਹਾ, “ਸਰਕਾਰੀ ਸਿਹਤ ਸੰਭਾਲ ਸੰਸਥਾਵਾਂ ਵਿੱਚ ਮਰੀਜ਼ਾਂ ਨੂੰ ਹੋਣ ਵਾਲੀ ਅਸੁਵਿਧਾ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਸਾਡੀ ਅਜਿਹੀ ਲਾਪਰਵਾਹੀ ਪ੍ਰਤੀ ਜ਼ੀਰੋ-ਟੌਲਰੈਂਸ ਨੀਤੀ ਹੋਵੇਗੀ ਅਤੇ ਸਾਰੇ ਮਰੀਜ਼ਾਂ ਨੂੰ ਸਮੇਂ ਸਿਰ ਅਤੇ ਸਹੀ ਇਲਾਜ ਯਕੀਨੀ ਬਣਾਇਆ ਜਾਵੇਗਾ।”

Read More: ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਦੀ ਜਵਾਬਦੇਹੀ ਹੋਵੇਗੀ ਤੈਅ: ਡਾ. ਬਲਬੀਰ ਸਿੰਘ

Scroll to Top