ਅਬੋਹਰ, 27 ਮਈ 2024: ਪੰਜਾਬ ‘ਚ ਲੋਕ ਸਭਾ ਚੋਣਾਂ 2024 ਦੇ ਪ੍ਰਚਾਰ ਲਈ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀ ਹਨ | ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਸੋਮਵਾਰ ਨੂੰ ਅਬੋਹਰ ਪਹੁੰਚੇ | ਇਸ ਦੌਰਾਨ ਉਨ੍ਹਾਂ ਨੇ ਇੱਕ ਜਨ ਸਭਾ ਦੌਰਾਨ ਆਪਣੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਭਰ ਦੇ ਕਿਸਾਨਾਂ ਨੂੰ ਪੂਰਾ ਨਹਿਰੀ ਪਾਣੀ ਦਿੱਤਾ ਜਾ ਰਿਹਾ ਹੈ ਅਤੇ ਇਨ੍ਹਾਂ ਚੋਣਾਂ ਵਿੱਚ ਜੇਕਰ ਮੇਰੇ ਸਾਰੇ ਉਮੀਦਵਾਰ ਭਾਰੀ ਵੋਟਾਂ ਨਾਲ ਜਿੱਤਦੇ ਹਨ ਤਾਂ 4-5 ਮਹੀਨੇ ਬਾਅਦ ਹੀ ਕਿਸੇ ਵੀ ਇਲਾਕੇ ਵਿੱਚ ਨਹਿਰੀ ਪਾਣੀ ਦੀ ਕੋਈ ਕਮੀ ਨਹੀਂ ਰਹੇਗੀ।
ਜਿਕਰਯੋਗ ਹੈ ਕਿ ਸੀਐਮ ਭਗਵੰਤ ਮਾਨ (CM Bhagwant Mann) ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਮੈਨੂੰ 13 ਸ਼ਕਤੀਆਂ ਭਾਵ 13 ਸੀਟਾਂ ਜਿੱਤ ਕੇ ਭੇਜਣ, ਇਸ ਤੋਂ ਬਾਅਦ ਉਹ ਸੰਸਦ ਵਿਚ ਮੁੱਦੇ ਚੁੱਕਣਗੇ ਅਤੇ ਕੇਂਦਰ ਨੂੰ ਪੰਜਾਬ ਦਾ ਇਕ ਰੁਪਿਆ ਵੀ ਨਹੀਂ ਰੋਕਣ ਦੇਣਗੇ।
ਸੁਖਬੀਰ ਸਿੰਘ ਬਾਦਲ ‘ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਪਿਛਲੇ ਪੰਜ ਸਾਲਾਂ ‘ਚ ਕਦੇ ਵੀ ਫਿਰੋਜ਼ਪੁਰ ਦੀ ਸਾਰ ਨਹੀਂ ਲਈ । ਉਨ੍ਹਾਂ ਨੇ ਕਦੇ ਵੀ ਸੂਬੇ ਦੇ ਮੁੱਦੇ ਸੰਸਦ ਵਿੱਚ ਨਹੀਂ ਉਠਾਏ। ਉਨ੍ਹਾਂ ਕਿਹਾ ਕਿ ਹੁਣ ਫ਼ਿਰੋਜ਼ਪੁਰ ਹਲਕੇ ਦੇ ਲੋਕਾਂ ਨੇ ਆਪ ਦੇ ਉਮੀਦਵਾਰ ਕਾਕਾ ਬਰਾੜ ਨੂੰ ਜਿਤਾਉਣ ਦਾ ਮਨ ਬਣਾ ਲਿਆ ਹੈ।