ਨਾਮਜ਼ਦ ਮੈਂਬਰ ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ‘ਚ ਵੋਟ ਨਹੀਂ ਪਾ ਸਕਦੇ: ਸੁਪਰੀਮ ਕੋਰਟ

ਚੰਡੀਗੜ੍ਹ, 13 ਫਰਵਰੀ 2023: ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦਿੱਲੀ ਦੇ ਮੇਅਰ (Mayor) ਚੋਣ ਨੂੰ ਲੈ ਕੇ ਦਾਇਰ ਪਟੀਸ਼ਨ ‘ਤੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਇਹ ਪਟੀਸ਼ਨ ਆਮ ਆਦਮੀ ਪਾਰਟੀ ਅਤੇ ਇਸ ਦੀ ਮੇਅਰ ਉਮੀਦਵਾਰ ਸ਼ੈਲੀ ਓਬਰਾਏ ਦੀ ਤਰਫੋਂ ਦਾਇਰ ਕੀਤੀ ਗਈ ਸੀ ਜਿਸ ਵਿੱਚ ਦਿੱਲੀ ਦੇ ਉਪ ਰਾਜਪਾਲ ਵੱਲੋਂ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵਿੱਚ ਨਾਮਜ਼ਦ ਮੈਂਬਰਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦੇਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ।

ਸੁਪਰੀਮ ਕੋਰਟ ਨੇ ਸੋਮਵਾਰ ਨੂੰ ਮੇਅਰ (Mayor) ਦੀ ਚੋਣ ਨਾਲ ਜੁੜੀ ਇਕ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਜ਼ੁਬਾਨੀ ਤੌਰ ‘ਤੇ ਕਿਹਾ ਕਿ ਨਾਮਜ਼ਦ ਮੈਂਬਰ ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਵਿਚ ਵੋਟ ਨਹੀਂ ਪਾ ਸਕਦੇ । ਇਹ ਗੱਲ ਸੰਵਿਧਾਨ ਵਿੱਚ ਸਪਸ਼ਟ ਹੈ। ਇਸ ਦੌਰਾਨ, ਦਿੱਲੀ ਦੇ ਉਪ ਰਾਜਪਾਲ ਦੇ ਦਫ਼ਤਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹ 16 ਫਰਵਰੀ ਨੂੰ ਹੋਣ ਵਾਲੀ ਮੇਅਰ ਚੋਣ ਨੂੰ 17 ਫਰਵਰੀ ਤੋਂ ਬਾਅਦ ਦੀ ਤਾਰੀਖ਼ ਤੱਕ ਮੁਲਤਵੀ ਕਰ ਦੇਵੇਗਾ।

ਆਮ ਆਦਮੀ ਪਾਰਟੀ ਨੇ ਈਸਟ ਪਟੇਲ ਨਗਰ ਕੌਂਸਲਰ ਡਾ: ਸ਼ੈਲੀ ਓਬਰਾਏ ਨੂੰ ਮੇਅਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਬਣਾਇਆ ਹੈ। ਦੂਜੇ ਪਾਸੇ ਭਾਜਪਾ ਨੇ ਸ਼ਾਲੀਮਾਰ ਬਾਗ-ਬੀ ਵਾਰਡ ਤੋਂ ਕੌਂਸਲਰ ਰੇਖਾ ਗੁਪਤਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਦਿੱਲੀ ਵਿੱਚ ਪਿਛਲੇ ਸਾਲ 7 ਦਸੰਬਰ ਨੂੰ ਐਮਸੀਡੀ ਚੋਣ ਨਤੀਜੇ ਐਲਾਨੇ ਗਏ ਸਨ ਪਰ ਦੋ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਮੇਅਰ ਨਹੀਂ ਮਿਲ ਸਕਿਆ। ਚੋਣਾਂ ਲਈ ਤਿੰਨ ਵੱਖ-ਵੱਖ ਤਾਰੀਖ਼ਾਂ ਨਿਸ਼ਚਿਤ ਕੀਤੀਆਂ ਗਈਆਂ ਸਨ, ਪਰ ਤਿੰਨੋਂ ਵਾਰ ਚੋਣਾਂ ਹੰਗਾਮੇ ਕਾਰਨ ਨਹੀਂ ਹੋ ਸਕੀਆਂ। ਹੁਣ ਇਹ ਮਾਮਲਾ ਦੇਸ਼ ਦੀ ਸੁਪਰੀਮ ਕੋਰਟ ਵਿੱਚ ਹੈ।

Scroll to Top