ਚੰਡੀਗੜ੍ਹ, 23 ਦਸੰਬਰ 2024: NOC in Punjab: ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸਾਲ 2024 ‘ਚ ਕੀਤੇ ਗਏ ਵਿਸ਼ੇਸ਼ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਪਾਪਰਾ (ਪੀ.ਏ.ਆਰ.ਏ.ਐਕਟ) ‘ਚ ਸੋਧ ਕਰਕੇ 500 ਗਜ਼ ਤੱਕ ਦੇ ਪਲਾਟਾਂ ਦੀ ਰਜਿਸਟਰੀ ਲਈ ਐਨ.ਓ.ਸੀ. ਸ਼ਰਤ ਖਤਮ ਕਰ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਇਸ ਦੇ ਲਈ ਵਿਧਾਨ ਸਭਾ ‘ਚ ਇਕ ਬਿੱਲ ਵੀ ਪਾਸ ਕੀਤਾ ਗਿਆ। ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ ਸ਼ਹਿਰੀ ਵਿਕਾਸ ਅਤੇ ਮਾਲ ਵਿਭਾਗ ਨੇ 1 ਦਸੰਬਰ ਤੋਂ 28 ਫਰਵਰੀ, 2025 ਤੱਕ ਤਿੰਨ ਮਹੀਨੇ ਦਾ ਸਮਾਂ ਦਿੰਦੇ ਹੋਏ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤਾਂ ਜੋ ਨਾਗਰਿਕ ਇਸ ਸਹੂਲਤ (NOC in Punjab) ਦਾ ਲਾਭ ਉਠਾ ਸਕਣ।
ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਵਿਭਾਗ ਨੇ ਪਾਰਦਰਸ਼ਤਾ ਰਾਹੀਂ ਦੋ ਸਫਲ ਈ-ਆਕਸ਼ਨਾਂ ਰਾਹੀਂ ਜਾਇਦਾਦਾਂ ਦੀ ਵਿਕਰੀ ਤੋਂ 5060 ਕਰੋੜ ਰੁਪਏ ਕਮਾਏ ਹਨ। ਵੱਖ-ਵੱਖ ਵਿਕਾਸ ਅਥਾਰਟੀਆਂ ਦੇ ਅਧੀਨ ਆਉਂਦੇ ਖੇਤਰਾਂ ‘ਚ ਗਰੁੱਪ ਹਾਊਸਿੰਗ, ਪੈਟਰੋਲ ਪੰਪਾਂ, ਹੋਟਲ ਸਾਈਟਾਂ, ਐਸਸੀਓਜ਼, ਬੂਥਾਂ, ਉਦਯੋਗਿਕ ਅਤੇ ਰਿਹਾਇਸ਼ੀ ਪਲਾਟਾਂ ਦੀ ਈ-ਨਿਲਾਮੀ ਰਾਹੀਂ ਅਗਸਤ ‘ਚ 3000 ਕਰੋੜ ਰੁਪਏ ਅਤੇ ਅਕਤੂਬਰ ‘ਚ 2060 ਕਰੋੜ ਰੁਪਏ ਦੀ ਆਮਦਨ ਹੋਈ। ਇਸ ਨਾਲ ਨਾ ਸਿਰਫ਼ ਸ਼ਹਿਰੀ ਵਸਨੀਕਾਂ ਨੂੰ ਆਪਣੇ ਲਈ ਘਰ ਬਣਾਉਣ ‘ਚ ਮੱਦਦ ਮਿਲੀ, ਸਗੋਂ ਵਪਾਰਕ ਗਤੀਵਿਧੀਆਂ ਸ਼ੁਰੂ ਕਰਨ ‘ਚ ਵੀ ਮੱਦਦ ਮਿਲੀ।
ਕੈਬਿਨਟ ਮੰਤਰੀ ਨੇ ਦੱਸਿਆ ਕਿ ਪ੍ਰਮੋਟਰਾਂ ਅਤੇ ਡਿਵੈਲਪਰਾਂ ਨੂੰ ਪਾਰਦਰਸ਼ੀ, ਮੁਸ਼ਕਿਲਾਂ ਰਹਿਤ ਅਤੇ ਪਹੁੰਚਯੋਗ ਸੇਵਾਵਾਂ ਪ੍ਰਦਾਨ ਕਰਨ ਲਈ ਰੀਅਲ ਅਸਟੇਟ ਨਾਲ ਸਬੰਧਤ ਕਲੀਅਰੈਂਸ ਸਰਟੀਫਿਕੇਟ ਜਾਰੀ ਕਰਨ ਦੇ ਉਦੇਸ਼ ਨਾਲ ਅਕਤੂਬਰ ਅਤੇ ਦਸੰਬਰ ‘ਚ ਦੋ ਵਿਸ਼ੇਸ਼ ਮੈਗਾ ਕੈਂਪ ਲਗਾਏ ਸਨ।
ਇਨ੍ਹਾਂ ਕੈਂਪਾਂ ਵਿੱਚ ਪਹਿਲੀ ਵਾਰ ਸਰਕਾਰ ਨੇ ਖੁਦ ਪ੍ਰਮੋਟਰਾਂ ਅਤੇ ਡਿਵੈਲਪਰਾਂ ਨੂੰ ਸਰਟੀਫਿਕੇਟ ਵੰਡੇ। ਇਨ੍ਹਾਂ ਕੈਂਪਾਂ ‘ਚ 178 ਪ੍ਰਮੋਟਰਾਂ ਅਤੇ ਬਿਲਡਰਾਂ ਨੂੰ ਸਰਟੀਫਿਕੇਟ ਜਾਰੀ ਕੀਤੇ ਗਏ, ਜਿਨ੍ਹਾਂ ਵਿੱਚ ਪਹਿਲੇ ਕੈਂਪ’ਚ 51 ਸਰਟੀਫਿਕੇਟ ਅਤੇ ਦੂਜੇ ਕੈਂਪ ‘ਚ 127 ਸਰਟੀਫਿਕੇਟ ਸ਼ਾਮਲ ਹਨ।
ਵੱਖ-ਵੱਖ ਵਿਕਾਸ ਅਥਾਰਟੀਆਂ ਨੇ ਇਨ੍ਹਾਂ ਕੈਂਪਾਂ ‘ਚ ਕਲੋਨੀਆਂ ਦੇ ਲਾਇਸੈਂਸ, ਮੁਕੰਮਲਤਾ ਸਰਟੀਫਿਕੇਟ, ਪਾਰਸ਼ੀਅਲ ਕੰਪੀਲੀਸ਼ਨ ਸਰਟੀਫਿਕੇਟ, ਲੈਟਰ ਆਫ ਇੰਟੈਂਟ, ਜ਼ੋਨਿੰਗ ਪਲੈਨ, ਬਿਲਡਿੰਗ ਪਲਾਨ ਅਤੇ ਪ੍ਰਮੋਟਰ ਰਜਿਸਟ੍ਰੇਸ਼ਨ ਸਰਟੀਫਿਕੇਟ ਪ੍ਰਦਾਨ ਕੀਤੇ।
ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਉਨ੍ਹਾਂ ਦੀ ਬਿਹਤਰੀ ਲਈ ਲਗਾਤਾਰ ਕੰਮ ਕਰ ਰਹੀ ਹੈ। ਪਿਛਲੇ ਸਾਲ ਦੌਰਾਨ ਵੱਡੇ ਕੰਮ ਕੀਤੇ ਗਏ ਹਨ ਅਤੇ ਭਵਿੱਖ ‘ਚ ਵੀ ਲੋਕ ਭਲਾਈ ਦੇ ਕੰਮ ਜਾਰੀ ਰਹਿਣਗੇ। ਵਿਭਾਗ ਵੱਲੋਂ ਨਵੇਂ ਸਾਲ ‘ਚ ਹੋਰ ਈ-ਆਕਸ਼ਨਾਂ ਕਰਵਾਈ ਜਾਵੇਗੀ ਅਤੇ ਮੈਗਾ ਕੈਂਪਾਂ ਰਾਹੀਂ ਹੋਰ ਕਲੀਅਰੈਂਸ ਸਰਟੀਫਿਕੇਟ ਵੰਡੇ ਜਾਣਗੇ।
Read More: Punjab News: ਪੰਜਾਬ ‘ਚ ਜਨਤਕ ਥਾਵਾਂ ‘ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ 4 ਸਾਲਾਂ ‘ਚ ਕੱਟੇ 31 ਲੱਖ ਰੁਪਏ ਦੇ ਚਲਾਨ