ਕੁਲਦੀਪ ਸਿੰਘ ਧਾਲੀਵਾਲ

ਨਸ਼ਿਆਂ ਵਿਰੁੱਧ ਜੰਗ ‘ਚ ਕਿਸੇ ਨੂੰ ਨਹੀਂ ਬਖਸ਼ਿਆ ਜਾਵੇਗਾ: ਕੁਲਦੀਪ ਸਿੰਘ ਧਾਲੀਵਾਲ

ਪੰਜਾਬ, 28 ਜੂਨ 2025: ਪੰਜਾਬ ਦੇ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬਿਕਰਮ ਸਿੰਘ ਮਜੀਠੀਆ ਖ਼ਿਲਾਫ ਚੱਲ ਰਹੀ ਕਾਨੂੰਨੀ ਕਾਰਵਾਈ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸ਼ੁਰੂ ਹੋਣ ਵੇਲੇ ਹੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਜੋ ਵੀ ਨਸ਼ਿਆਂ ਦੇ ਕਾਰੋਬਾਰ ‘ਚ ਲਿਪਤ ਹੋਵੇਗਾ, ਉਹ ਕਿੰਨਾ ਵੀ ਵੱਡਾ ਚਿਹਰਾ ਕਿਉਂ ਨਾ ਹੋਵੇ, ਉਸ ਨੂੰ ਨਹੀਂ ਬਖ਼ਸ਼ਿਆ ਜਾਵੇਗਾ।

ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਿਕਰਮ ਮਜੀਠੀਆ ਵਿਰੁੱਧ ਕੀਤੀ ਕਾਰਵਾਈ ਵੀ ਉਸੇ ਨੀਤੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ 540 ਕਰੋੜ ਰੁਪਏ ਦੇ ਲੈਣ-ਦੇਣ ਹੋਏ ਹਨ, ਜਿਸ ‘ਚੋਂ 161 ਕਰੋੜ ਰੁਪਏ ਦੀ ਰਕਮ ਸਿੱਧੀ ਕੈਸ਼ ਰੂਪ ‘ਚ ਬੈਂਕਾਂ ਵਿੱਚ ਡਿਪਾਜ਼ਿਟ ਹੋਈ। ਉਨ੍ਹਾਂ ਦੱਸਿਆ ਕਿ ਇਹ ਸਬੂਤ ਕੋਈ ਨਵੇਂ ਨਹੀਂ ਹਨ, ਬਲਕਿ ਇਹ 2012 ਤੋਂ ਮੌਜੂਦ ਸਨ।

ਉਸ ਸਮੇਂ ਦੀ ਅਕਾਲੀ ਦਲ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਸੀ, ਪਰ ਇਰਾਦੇ ਦੀ ਕਮੀ ਕਾਰਨ ਕਾਰਵਾਈ ਨਹੀਂ ਹੋਈ। ਧਾਲੀਵਾਲ ਨੇ ਇਹ ਵੀ ਕਿਹਾ ਕਿ ਨਵੰਬਰ 2013 ‘ਚ ਜਦੋਂ ਨਸ਼ਾ ਤਸਕਰ ਜਗਦੀਸ਼ ਭੋਲਾ ਫੜਿਆ ਗਿਆ ਸੀ, ਉਸ ਨੇ ਮਜੀਠੀਆ ਦਾ ਨਾਂ ਲਿਆ ਅਤੇ ਕੋਰਟ ‘ਚ ਵੀ ਬਿਆਨ ਦਿੱਤੇ।

ਇਸ ਮਾਮਲੇ ‘ਚ ਤਤਕਾਲੀ ਈ.ਡੀ. ਹੈਡ ਨਿਰਜਨ ਸਿੰਘ ਵੀ ਹੁਣ ਆਪਣਾ ਪੱਖ ਰੱਖਣ ਆ ਰਹੇ ਹਨ। ਕੈਬਨਟ ਮੰਤਰੀ ਨੇ ਇਨ੍ਹਾਂ ਸਾਰੇ ਤੱਥਾਂ ਨੂੰ ਸਾਹਮਣੇ ਰੱਖਦਿਆਂ ਸਾਫ ਕੀਤਾ ਕਿ ਹੁਣ ਦੀ ਸਰਕਾਰ ਗੰਭੀਰ ਹੈ ਅਤੇ ਨਸ਼ਿਆਂ ਵਿਰੁੱਧ ਲੜਾਈ ‘ਚ ਕੋਈ ਕਮਜ਼ੋਰੀ ਨਹੀਂ ਛੱਡੇਗੀ।

Read More: ਯੁੱਧ ਨਸ਼ਿਆਂ ਵਿਰੁੱਧ: ਪੰਜਾਬ ਪੁਲਿਸ ਵੱਲੋਂ 118ਵੇਂ ਦਿਨ 125 ਨਸ਼ਾ ਤਸਕਰ ਗ੍ਰਿਫਤਾਰ

Scroll to Top