ਅਮਰੀਕਾ ਦੀਆਂ ਟੈਰਿਫ਼ ਧਮਕੀਆਂ ਤੋਂ ਡਰਨ ਦੀ ਲੋੜ ਨਹੀਂ, ਚੰਡੀਗੜ੍ਹ ਯੂਨੀਵਰਸਿਟੀ ‘ਚ ‘ਕੈਂਪਸ ਟੈਂਕ ਪੰਜਾਬ’ ਲਾਂਚ ਈਵੈਂਟ ‘ਤੇ ਬੋਲੇ ਕੇਂਦਰੀ ਮੰਤਰੀ ਖੱਟਰ

ਮੋਹਾਲੀ 2 ਸਤੰਬਰ 2025 : ਕੇਂਦਰੀ ਬਿਜਲੀ, ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਖੱਟਰ (manohar lalhattar) ਨੇ  ਚੰਡੀਗੜ੍ਹ ਯੂਨੀਵਰਸਿਟੀ ਦੇ ਘੜੂੰਆ ਕੈਂਪਸ ਵਿਖੇ ਦੇਸ਼ ਦੇ ਸਭ ਤੋਂ ਵੱਡੇ ਯੂਨੀਵਰਸਿਟੀ ਸੰਚਾਲਿਤ ਸਟਾਰਟਅੱਪ ਲਾਂਚਪੈਡ ‘ਕੈਂਪਸ ਟੈਂਕ ਪੰਜਾਬ’ ਦਾ ਆਗ਼ਾਜ਼ ਕੀਤਾ। ਦੱਸ ਦਈਏ ਕਿ ਕੈਂਪਸ ਟੈਂਕ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਦਾ ਸਟਾਰਟਅੱਪ ਲਾਂਚਪੈਡ ਹੈ, ਜਿਸ ਨੂੰ ਦੇਸ਼ ਦੇ ਸਭ ਤੋਂ ਵੱਡੇ ਨੌਕਰੀ ਪਲੇਟਫਾਰਮ ਅਪਨਾ ਅਤੇ ਨਿਵੇਸ਼ ਕੰਪਨੀ ਵੈਂਚਰ ਕੈਟਾਲਿਸਟ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਦਾ ਉਦੇਸ਼ ਵਿਸ਼ਾਲ ਤੇ ਦੂਰਅੰਦੇਸ਼ੀ ਵਾਲੇ ਵਿਦਿਆਰਥੀ ਨਵੀਨਤਾਕਾਰਾਂ ਦੇ ਅਨੋਖੇ ਸਟਾਰਟਅੱਪ ਆਈਡੀਆਜ਼ ਨੂੰ ਫੰਡਿੰਗ ਪ੍ਰਦਾਨ ਕਰਨਾ ਹੈ, ਤਾਂ ਜੋ ਭਾਰਤ ਪੂਰੀ ਦੁਨੀਆ ਵਿੱਚ ਸਟਾਰਟਅੱਪ ਈਕੋਸਿਸਟਮ ਬਣ ਕੇ ਉੱਭਰੇ ਅਤੇ ਨੌਜਵਾਨਾਂ ਨੂੰ ਆਪਣੇ ਵਿਚਾਰਾਂ ਨੂੰ ਹਕੀਕਤ ਬਣਾਉਣ ਲਈ ਇੱਕ ਸ਼ਕਤੀਸ਼ਾਲੀ ਪਲੇਟਫ਼ਾਰਮ ਮਿਲੇ।

ਕੈਂਪਸ ਟੈਂਕ ਪੰਜਾਬ ਦੇ ਲਾਂਚ ਸਮਾਰੋਹ ਵਿੱਚ ਕੇਂਦਰੀ ਬਿਜਲੀ, ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਖੱਟਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਉਨ੍ਹਾਂ ਦੇ ਨਾਲ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ, ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਿੰਦਰ ਸਿੰਘ ਸੰਧੂ, ਅਪਨਾ ਦੇ ਉੱਪ ਪ੍ਰਧਾਨ ਡਾ. ਪ੍ਰੀਤ ਦੀਪ ਸਿੰਘ, ਵੈਂਚਰ ਕੈਟਾਲਿਸਟਸ ਦੇ ਮੁੱਖ ਨਿਵੇਸ਼ ਅਧਿਕਾਰੀ ਵੰਸ਼ ਓਬਰਾਏ, ਅਤੇ ਪੰਜਾਬ ਦੇ ਸਟਾਰਟਅੱਪ ਸੈੱਲ ਦੇ ਸੰਯੁਕਤ ਨਿਰਦੇਸ਼ਕ (ਜੁਆਇੰਟ ਡਾਇਰੈਕਟਰ) ਦੀਪਇੰਦਰ ਸਿੰਘ ਸ਼ਾਮਲ ਸਨ। ਇਸ ਲਾਂਚ ਈਵੈਂਟ ਵਿੱਚ ਪ੍ਰਸਿੱਧ ਉਦਮੀ, ਕਾਰੋਬਾਰੀ, ਉੱਦਮੀ ਪੂੰਜੀਪਤੀ, ਪ੍ਰਸਿੱਧ ਸਿੱਖਿਆ ਸ਼ਾਸਤਰੀ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਉਤਰਾਖੰਡ, ਰਾਜਸਥਾਨ, ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਦੇ ਪ੍ਰਮੁੱਖ ਅਕਾਦਮਿਕ ਸੰਸਥਾਵਾਂ ਦੇ ਉੱਭਰ ਰਹੇ ਸਟਾਰਟਅੱਪ ਸੰਸਥਾਪਕ, ਖੇਤਰੀ ਇਨਕਿਊਬੇਟਰ, ਹੈਕਾਥੌਨ ਜੇਤੂ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੁਆਰਾ ਇਨਕਿਊਬੇਟ ਕੀਤੇ ਸਟਾਰਟਅੱਪਸ ਦੇ ਸੰਸਥਾਪਕ ਸ਼ਾਮਲ ਹੋਏ।

ਲਾਂਚ ਈਵੈਂਟ ਮੌਕੇ ਬੋਲਦਿਆਂ, ਕੇਂਦਰੀ ਮੰਤਰੀ ਖੱਟਰ ਨੇ ਕਿਹਾ, “ਕੈਂਪਸ ਟੈਂਕ ਨਾ ਸਿਰਫ਼ ਭਾਰਤ ਵਿੱਚ ਸਗੋਂ ਦੁਨੀਆ ਵਿੱਚ ਵੀ ਇੱਕ ਵੱਡੀ ਪ੍ਰਾਪਤੀ ਹੈ ਕਿਉਂਕਿ ਨੌਜਵਾਨਾਂ ਨੂੰ ਸਹਾਇਤਾ ਅਤੇ ਸਰੋਤਾਂ ਦੀ ਘਾਟ ਕਾਰਨ ਆਪਣੇ ਕਾਰੋਬਾਰੀ ਉੱਦਮ ਸ਼ੁਰੂ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਅੱਜ ਸਮਾਂ ਬਦਲ ਗਿਆ ਹੈ ਕਿਉਂਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਨੌਜਵਾਨ ਦੇ ਸੁਪਨਿਆਂ ਨੂੰ ਸਮਝ ਲਿਆ ਹੈ ਅਤੇ ਮੁਦਰਾ ਯੋਜਨਾ ਵਰਗੀਆਂ ਯੋਜਨਾਵਾਂ ਚਲਾ ਕੇ ਨੌਜਵਾਨਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੇ ਹਨ। ਅੱਜ ਨੌਜਵਾਨਾਂ ਲਈ (ਆਪਣੇ ਉੱਦਮ ਸ਼ੁਰੂ ਕਰਨ ਲਈ) ਬਹੁਤ ਸਾਰੀਆਂ ਸਹੂਲਤਾਂ ਉਪਲਬਧ ਹਨ। ਫਿਰ ਵੀ ਕੁਝ ਨੌਜਵਾਨਾਂ ਨੂੰ ਲੋੜੀਂਦੇ ਮੌਕੇ ਨਹੀਂ ਮਿਲਦੇ। ਇਸ ਸੰਦਰਭ ਵਿੱਚ, ਕੈਂਪਸ ਟੈਂਕ ਇੱਕ ਬਹੁਤ ਵੱਡੀ ਪਹਿਲ ਹੈ ਕਿਉਂਕਿ ਇਹ AICTE ਨਾਲ ਸਬੰਧਤ 23,000 ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਲਾਭ ਪਹੁੰਚਾਏਗਾ। ਕੈਂਪਸ ਟੈਂਕ ਦਾ ਲਾਭ ਪ੍ਰਾਪਤ ਕਰਨ ਲਈ 19000 ਤੋਂ ਵੱਧ ਵਿਦਿਆਰਥੀ ਸਟਾਰਟਅੱਪ ਪਹਿਲਾਂ ਹੀ ਰਜਿਸਟਰ ਕਰ ਚੁੱਕੇ ਹਨ।

ਖੱਟਰ ਨੇ ਅੱਗੇ ਕਿਹਾ ਕਿ “ਨਵੇਂ ਵਿਚਾਰ ਕਿਸੇ ਦੇ ਵੀ ਮਨ ਵਿੱਚ ਆ ਸਕਦੇ ਹਨ। ਨਿਊਟਨ ਨੇ ਸੇਬ ਦੇ ਦਰੱਖਤ ਹੇਠ ਬੈਠ ਕੇ ਗੁਰਤਾਕਰਸ਼ਣ ਦੇ ਨਿਯਮ ਦੀ ਖੋਜ ਕੀਤੀ ਸੀ। ਸਟਾਰਟਅੱਪਸ ਲਈ ਅਸੀਮ ਸੰਭਾਵਨਾਵਾਂ ਹਨ ਕਿਉਂਕਿ ਕੋਈ ਵੀ, ਘੱਟੋ-ਘੱਟ ਸਿੱਖਿਆ ਦੇ ਨਾਲ, ਕਿਤੇ ਵੀ ਇੱਕ ਸਟਾਰਟਅੱਪ ਸ਼ੁਰੂ ਕਰ ਸਕਦਾ ਹੈ, ਭਾਵੇਂ ਉਹ ਪਿੰਡ ਹੋਵੇ ਜਾਂ ਛੋਟਾ ਸ਼ਹਿਰ। ਨੌਜਵਾਨ ਸਟਾਰਟਅੱਪਸ ਰਾਹੀਂ ਸਧਾਰਨ ਕੰਮ ਕਰਕੇ ਲੱਖਾਂ ਕਮਾ ਸਕਦੇ ਹਨ। ਤੁਹਾਨੂੰ ਇਸ ਕੰਪੀਟੀਸ਼ਨ ਦੇ ਦੌਰ ਵਿੱਚ ਅੱਗੇ ਵਧਣ ਲਈ ਸਿਰਫ਼ ਪ੍ਰਤਿਭਾ ਦੀ ਲੋੜ ਹੈ। ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਵੀ ਕਦੇ ਸਟਾਰਟਅੱਪ ਸਨ। ਚਾਹੇ ਉਹ ਐਮਾਜ਼ਾਨ ਹੋਵੇ, ਜਿਸ ਨੂੰ ਇੱਕ ਨੌਜਵਾਨ ਨੇ ਕਾਰ ਗੈਰਾਜ ਵਿੱਚ ਸ਼ੁਰੂ ਕੀਤਾ ਸੀ। ਜਦਕਿ ਦੁਨੀਆ ਦੇ ਸਭ ਤੋਂ ਵੱਡੇ ਸਰਚ ਇੰਜਣ ਗੂਗਲ ਨੂੰ ਇੱਕ ਕਮਰੇ ਵਿੱਚ ਸ਼ੁਰੂ ਕੀਤਾ ਗਿਆ ਸੀ। ਇਸੇ ਤਰ੍ਹਾਂ ਫੇਸਬੁੱਕ ਇੱਕ ਯੂਨੀਵਰਸਿਟੀ ਕੈਂਪਸ ਤੋਂ ਸ਼ੁਰੂ ਕੀਤਾ ਗਿਆ ਹੋਵੇ। ਇਸ ਤੋਂ ਸਾਨੂੰ ਇਹ ਸਮਝ ਲੱਗਦੀ ਹੈ ਕਿ ਛੋਟੀਆਂ ਸ਼ੁਰੂਆਤਾਂ ਵੱਡੀਆਂ ਕਾਮਯਾਬੀਆਂ ਵੱਲ ਲੈਕੇ ਜਾਂਦੀਆਂ ਹਨ।”

ਕੇਂਦਰੀ ਮੰਤਰੀ ਨੇ ਅੱਗੇ ਕਿਹਾ, “ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 11 ਸਾਲਾਂ ਵਿੱਚ ਬਹੁਤ ਕੁਝ ਕੀਤਾ ਹੈ ਅਤੇ ਅੱਜ 1.76 ਲੱਖ ਤੋਂ ਵੱਧ ਸਟਾਰਟਅੱਪ ਹਨ, ਜਿਨ੍ਹਾਂ ਵਿੱਚੋਂ ਲਗਭਗ 75,000 ਸਟਾਰਟਅੱਪਸ ਦੀ ਅਗਵਾਈ ਔਰਤਾਂ ਕਰ ਰਹੀਆਂ ਹਨ। ਅੱਜ ਸਾਡੇ ਕੋਲ 115 ਤੋਂ ਵੱਧ ਯੂਨੀਕੋਰਨ ਹਨ। ਸਟਾਰਟਅੱਪ ਨਾ ਸਿਰਫ਼ ਆਪਣੇ ਸੰਸਥਾਪਕਾਂ ਨੂੰ ਸਗੋਂ ਹਜ਼ਾਰਾਂ ਹੋਰ ਲੋੜਵੰਦਾਂ ਨੂੰ ਵੀ ਰੁਜ਼ਗਾਰ ਪ੍ਰਦਾਨ ਕਰਨਗੇ। ਅੱਜ ਨੌਕਰੀ ਲੱਭਣ ਵਾਲੇ ਕੱਲ੍ਹ ਨੂੰ ਨੌਕਰੀ ਦੇਣ ਵਾਲੇ ਬਣਨਗੇ। ਤੁਹਾਡੀ ਸਫਲਤਾ ਦੇਸ਼ ਦੀ ਤਰੱਕੀ ਵਿੱਚ ਮਦਦ ਕਰੇਗੀ। ਪ੍ਰਧਾਨ ਮੰਤਰੀ ਮੋਦੀ ਨੇ ਸਾਨੂੰ ਦੁਨੀਆ ਨਾਲ ਮੁਕਾਬਲਾ ਕਰਕੇ 2047 ਤੱਕ ਇੱਕ ਵਿਕਸਤ ਭਾਰਤ ਦਾ ਦ੍ਰਿਸ਼ਟੀਕੋਣ ਦਿੱਤਾ ਹੈ ਅਤੇ ਇਸ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਹਰ ਕਿਸੇ ਦੀ ਭੂਮਿਕਾ ਹੈ।”

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, “ਹਰ ਦੇਸ਼ ਨੂੰ ਹਮੇਸ਼ਾ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਿ ਸਾਨੂੰ (ਅਮਰੀਕਾ ਦੁਆਰਾ) ਟੈਰਿਫ ਦੀ ਧਮਕੀ ਦਿੱਤੀ ਗਈ ਹੈ। ਸਾਨੂੰ ਇਸ ਧਮਕੀ ਅੱਗੇ ਝੁਕਣਾ ਨਹੀਂ ਚਾਹੀਦਾ। ਜੇ ਅਸੀਂ ਆਪਣੇ ਦੇਸ਼ ਲਈ ਕੰਮ ਕਰਦੇ ਹਾਂ, ਤਾਂ ਇਹ ਤਰੱਕੀ ਕਰੇਗਾ। ਪਿਛਲੇ 10 ਸਾਲਾਂ ਵਿੱਚ, ਅਜਿਹਾ ਮਾਹੌਲ ਬਣਾਇਆ ਗਿਆ ਹੈ ਕਿ ਭਾਰਤ ਨੂੰ ਤਰੱਕੀ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਸਾਡਾ ਦੇਸ਼ ਅਗਲੇ ਦੋ ਸਾਲਾਂ ਵਿੱਚ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣ ਕੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਵਰਤਮਾਨ ਵਿੱਚ ਅਸੀਂ ਚੀਨ, ਅਮਰੀਕਾ ਅਤੇ ਜਰਮਨੀ ਤੋਂ ਬਾਅਦ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਹਾਂ। ਇਸ ਸਮੇਂ ਭਾਰਤ ਅਤੇ ਜਰਮਨੀ ਵਿੱਚ ਬਹੁਤ ਘੱਟ ਅੰਤਰ ਹੈ। ਸਾਡੀ ਅਰਥਵਿਵਸਥਾ 4.19 ਟ੍ਰਿਲੀਅਨ ਡਾਲਰ ਹੈ ਜਦੋਂ ਕਿ ਜਰਮਨੀ ਦੀ 4.52 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਹੈ। ਪਰ ਸਾਡੀ ਵਿਕਾਸ ਦਰ ਜਰਮਨੀ ਨਾਲੋਂ ਬਹੁਤ ਜ਼ਿਆਦਾ ਹੈ। ਇਸ ਲਈ, ਭਾਵੇਂ ਅਸੀਂ ਅਮਰੀਕੀ ਟੈਰਿਫ ਦਾ ਸਾਹਮਣਾ ਕਰ ਰਹੇ ਹਾਂ, ਸਾਡੀ ਅਰਥਵਿਵਸਥਾ ਅਜੇ ਵੀ 7.8% ਦੀ ਦਰ ਨਾਲ ਵਧ ਰਹੀ ਹੈ। ਇਸ ਦਰ ਨਾਲ, ਅਸੀਂ ਇੱਕ ਸਾਲ ਦੇ ਅੰਦਰ ਜਰਮਨੀ ਦੀ ਅਰਥਵਿਵਸਥਾ ਦੇ ਬਰਾਬਰ ਹੋਵਾਂਗੇ ਅਤੇ ਅਗਲੇ ਸਾਲ ਤੱਕ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਪ੍ਰਾਪਤ ਕਰਕੇ ਉਨ੍ਹਾਂ ਨੂੰ ਪਛਾੜ ਦੇਵਾਂਗੇ। ਇਹ ਸਾਡਾ ਇਰਾਦਾ ਹੈ ਅਤੇ ਅਸੀਂ ਤੁਹਾਡੇ (ਨੌਜਵਾਨਾਂ) ਨਾਲ ਇਸਨੂੰ ਪੂਰਾ ਕਰਾਂਗੇ।

Read More: ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਰੋਜ਼ਗਾਰ ਮੇਲੇ ਦੌਰਾਨ ਨੌਜਵਾਨਾਂ ਨੂੰ ਦਿੱਤੀ ਇਹ ਨਸੀਅਤ

Scroll to Top