ਚੰਡੀਗੜ੍ਹ, 27 ਜੂਨ 2023: ਭਾਰਤ ਵਿੱਚ ਇਸ ਸਾਲ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ 2023 (ICC World Cup 2023) ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਆਈਸੀਸੀ ਨੇ ਮੰਗਲਵਾਰ ਨੂੰ ਸ਼ਡਿਊਲ ਜਾਰੀ ਕੀਤਾ। ਜਿਕਰਯੋਗ ਹੈ ਕਿ ਆਈਸੀਸੀ ਵਿਸ਼ਵ ਕੱਪ ਲਈ ਮੋਹਾਲੀ ਸਟੇਡੀਅਮ ਵਿੱਚ ਕੋਈ ਮੈਚ ਨਹੀਂ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਵਿਸ਼ਵ ਕੱਪ ਦੇ ਸ਼ਡਿਊਲ ‘ਤੇ ਨਾਰਾਜ਼ਗੀ ਜਤਾਈ ਹੈ। ਇਸ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਖੇਡ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਵਿਸ਼ਵ ਕੱਪ ਦੀ ਮੇਜ਼ਬਾਨੀ ਦੀ ਸੂਚੀ ਵਿੱਚੋਂ ਬਾਹਰ ਕਰਨਾ ਸਿਆਸੀ ਕਾਰਨਾਂ ਤੋਂ ਪ੍ਰੇਰਿਤ ਹੈ। ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਬੀਸੀਸੀਆਈ ਕੋਲ ਵਿਤਕਰੇ ਦਾ ਮੁੱਦਾ ਚੁੱਕੇਗੀ ।
ਇੱਕ ਰੋਜ਼ਾ ਵਿਸ਼ਵ ਕੱਪ ਦੀ ਸ਼ੁਰੂਆਤ 5 ਅਕਤੂਬਰ ਨੂੰ ਅਹਿਮਦਾਬਾਦ ‘ਚ ਇੰਗਲੈਂਡ-ਨਿਊਜ਼ੀਲੈਂਡ ਦੇ ਮੈਚ ਨਾਲ ਹੋਵੇਗੀ। ਇਸ ਦੇ ਨਾਲ ਹੀ ਭਾਰਤੀ ਟੀਮ 8 ਅਕਤੂਬਰ ਨੂੰ ਚੇਨਈ ‘ਚ ਆਸਟ੍ਰੇਲੀਆ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਪਹਿਲਾ ਸੈਮੀਫਾਈਨਲ 15 ਨਵੰਬਰ ਨੂੰ ਮੁੰਬਈ ‘ਚ ਅਤੇ ਦੂਜਾ ਸੈਮੀਫਾਈਨਲ 16 ਨਵੰਬਰ ਨੂੰ ਕੋਲਕਾਤਾ ‘ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ 19 ਨਵੰਬਰ ਨੂੰ ਹੋਣ ਵਾਲਾ ਫਾਈਨਲ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ।