July 7, 2024 2:05 pm
Congress

ਕੋਈ ਵੀ ਕਾਂਗਰਸੀ ਆਗੂ ਜਨਤਕ ਪਲੇਟਫਾਰਮ ‘ਤੇ ਵਿਅਕਤੀਗਤ ਵਿਚਾਰ ਪੇਸ਼ ਨਹੀਂ ਕਰੇਗਾ: ਰਾਜਾ ਵੜਿੰਗ

ਚੰਡੀਗੜ੍ਹ, 26 ਦਸੰਬਰ 2023: ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਪੰਜਾਬ ਕਾਂਗਰਸ (Congress) ਦੇ ਆਗੂਆਂ ਦੀ ਪਾਰਟੀ ਹਾਈਕਮਾਂਡ ਦੇ ਨਾਲ ਬੈਠਕ ਹੋਣ ਜਾ ਰਹੀ ਹੈ। ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਹਨ। ਕੌਮੀ ਪੱਧਰ ‘ਤੇ ਬਣੇ ਇੰਡੀਆ ਗਠਜੋੜ ਵਿੱਚ ਕਾਂਗਰਸ ਦੇ ਨਾਲ ਨਾਲ ਆਮ ਆਦਮੀ ਪਾਰਟੀ ਵੀ ਸ਼ਾਮਲ ਹੈ, ਪਰ ਹਾਲੇ ਪੰਜਾਬ ਵਿੱਚ ਸਥਿਤੀ ਸਾਫ਼ ਨਹੀਂ ਹੋਈ ਸੀ।

ਇਸ ਦੌਰਾਨ ਬੈਠਕ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ‘ਚ ‘ਆਪ’ ਨਾਲ ਗਠਜੋੜ ਬਾਰੇ ਕੋਈ ਜਾਣਕਾਰੀ ਨਹੀਂ, ਉਨ੍ਹਾਂ ਕਿਹਾ ਬੈਠਕ ‘ਚ ਲੋਕ ਸਭਾ ਚੋਣਾਂ ਦੀ ਤਿਆਰੀ, ਪਾਰਟੀ ਢਾਂਚੇ ਆਦਿ ਬਾਰੇ ਗੱਲਬਾਤ ਹੋ ਸਕਦੀ ਹੈ |

ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ (Congress) ਦੀਆਂ ਭਾਵਨਾਵਾਂ ਕੇਂਦਰੀ ਲੀਡਰਸ਼ਿਪ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਕੁਝ ਸੀਮਾਵਾਂ ਹਨ ਅਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਜਨਤਕ ਪਲੇਟਫਾਰਮ ‘ਤੇ ਸਾਂਝਾ ਨਹੀਂ ਕੀਤਾ ਜਾ ਸਕਦਾ ਹੈ।ਉਨ੍ਹਾਂ ਦੱਸਿਆ ਅਜੇ ਤੱਕ ਮੈਨੂੰ ਕਿਸੇ ਨੇ ਨਹੀਂ ਕਿਹਾ ਕਿ ਸਾਨੂੰ ਗਠਜੋੜ ਨਾਲ ਜਾਣਾ ਚਾਹੀਦਾ ਹੈ ਅਤੇ ਨਾ ਹੀ ਸੀਟ ਵੰਡ ‘ਤੇ ਕੋਈ ਚਰਚਾ ਹੋਈ ਹੈ। ਅਸਲੀਅਤ ਇਹ ਹੈ ਕਿ ਕਾਂਗਰਸ ਹੀ ਇੱਕੋ ਇੱਕ ਵਿਕਲਪ ਹੈ।

ਉਨ੍ਹਾਂ ਕਿਹਾ ਪੰਜਾਬ ‘ਚ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਸਾਡੇ ਬਿਆਨ ਵੱਖ-ਵੱਖ ਸਨ ਅਤੇ ਤਾਲਮੇਲ ਨਹੀਂ ਸੀ ਜਿਸ ਕਾਰਨ ਕਾਂਗਰਸ ਨੂੰ ਨੁਕਸਾਨ ਹੋਇਆ | ਉਨ੍ਹਾਂ ਕਿਹਾ ਕਿ ਮੈਂ ਸਾਰੇ ਕਾਂਗਰਸੀਆਂ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਕੋਈ ਵੀ ਜਨਤਕ ਪਲੇਟਫਾਰਮ ‘ਤੇ ਆਪਣੇ ਵਿਅਕਤੀਗਤ ਵਿਚਾਰ ਪੇਸ਼ ਨਹੀਂ ਕਰ ਸਕਦਾ, ਜੋ ਅਨੁਸ਼ਾਸਨ ਤੋੜੇਗਾ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।