July 7, 2024 7:11 am
ਲਾਭ ਜੰਜੂਆ

ਬਾਲੀਵੁੱਡ ਦੇ ਮਰਹੂਮ ਗਾਇਕ ਲਾਭ ਜੰਜੂਆ ਦੀ ਘਰਵਾਲੀ ਦੇ ਅੰਤਿਮ ਸਸਕਾਰ ‘ਚ ਨਹੀਂ ਪਹੁੰਚੀ ਕੋਈ ਪ੍ਰਸਿੱਧ ਹਸਤੀ

ਚੰਡੀਗੜ੍ਹ, 23 ਅਗਸਤ, 2023: ਆਪਣੀ ਆਵਾਜ਼ ਨਾਲ ਬਾਲੀਵੁੱਡ ‘ਚ ਵੱਖਰੀ ਪਛਾਣ ਬਣਾਉਣ ਵਾਲੇ ਖੰਨਾ ਦੇ ਮਰਹੂਮ ਗਾਇਕ ਲਾਭ ਜੰਜੂਆ ਦੀ ਘਰਵਾਲੀ ਦਲਜੀਤ ਕੌਰ ਜੰਜੂਆ (45) ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਸੋਮਵਾਰ ਨੂੰ ਦਲਜੀਤ ਕੌਰ ਜੰਜੂਆ ਦਾ ਅੰਤਿਮ ਸਸਕਾਰ ਖੰਨਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਦੁੱਖ ਦੀ ਗੱਲ ਇਹ ਹੈ ਕਿ ਲਾਭ ਜੰਜੂਆ ਦੀ ਮੌਤ ‘ਤੇ ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਖੰਨਾ ਨਹੀਂ ਪਹੁੰਚੀਆਂ |

ਜੰਜੂਆ ਦੀ ਪਤਨੀ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋਣ ਲਈ ਇੱਕ ਵੀ ਕਲਾਕਾਰ ਨਹੀਂ ਆਇਆ। ਲਾਭ ਜੰਜੂਆ ਦੇ ਪੁੱਤਰ ਬਲਜਿੰਦਰ ਸਿੰਘ ਜੰਜੂਆ ਨੇ 10 ਤੋਂ 15 ਲੋਕਾਂ ਦੀ ਹਾਜ਼ਰੀ ‘ਚ ਆਪਣੀ ਮਾਤਾ ਦੀ ਚਿਖਾ ਨੂੰ ਅਗਨ ਭੇਂਟ ਕੀਤਾ। ਦੱਸਿਆ ਜਾ ਰਿਹਾ ਹੈ ਕਿ ਦਲਜੀਤ ਕੌਰ ਨੂੰ ਮੰਡੀ ਗੋਬਿੰਦਗੜ੍ਹ ਵਿਖੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਹਾਦਸਾ ਐਤਵਾਰ ਦੇਰ ਰਾਤ ਵਾਪਰਿਆ ਸੀ । ਦਲਜੀਤ ਕੌਰ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਅਦ ਬੱਸ ‘ਚ ਖੰਨਾ ਪਰਤ ਰਹੀ ਸੀ। ਹਨ੍ਹੇਰਾ ਹੋਣ ਕਾਰਨ ਉਹ ਮੰਡੀ ਗੋਬਿੰਦਗੜ੍ਹ ਵਿਖੇ ਹੀ ਭੁਲੇਖੇ ਨਾਲ ਉਤਰ ਗਈ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਵਾਹਨ ਨੇ ਦਲਜੀਤ ਕੌਰ ਨੂੰ ਟੱਕਰ ਮਾਰ ਦਿੱਤੀ।

ਜਿਕਰਯੋਗ ਹੈ ਕਿ ਲਾਭ ਜੰਜੂਆ ਫਿਲਮ ਕੁਈਨ ਦੇ ਗੀਤ ‘ਲੰਡਨ ਠੁਮਕਦਾ’ ਨਾਲ ਕਾਫੀ ਮਸ਼ਹੂਰ ਹੋਏ ਸਨ। ਜੰਜੂਆ ਨੇ ਬਾਲੀਵੁੱਡ ‘ਚ ‘ਓ ਯਾਰਾ ਢੋਲ ਬਜਾ ਕੇ’ (ਢੋਲ, 2007), ‘ਸੋਹਣੀ ਦੇ ਨਖਰੇ’ (ਪਾਰਟਨਰ, 2007), ‘ਪਿਆਰ ਕਰਕੇ ਪਛਤਾਏ’ (ਸ਼ਾਦੀ ਦੇ ਸਾਈਡ ਇਫੈਕਟਸ, 2006), ‘ਜੀ ਕਰਦਾ ਜੀ ਕਰਦਾ'(ਸਿੰਘ ਇਜ਼ ਕਿੰਗ, 2008), ‘ਬਾਰੀ ਬਰਸੀ’ (ਬੈਂਡ ਬਾਜਾ ਬਾਰਾਤ, 2010) ਅਤੇ ‘ਦਿਲ ਕਰੇ ਚੂ ਚਾ’ (ਸਿੰਘ ਇਜ਼ ਬਲਿੰਗ, 2015) ਨਾਲ ਵੱਖਰੀ ਪਛਾਣ ਬਣਾਈ। ਬਾਲੀਵੁੱਡ ਗਾਇਕ ਲਾਭ ਜੰਜੂਆ ਦੀ 22 ਅਕਤੂਬਰ 2015 ਨੂੰ ਮੌਤ ਹੋ ਗਈ ਸੀ। ਉਨ੍ਹਾਂ ਦੀ ਲਾਸ਼ ਮੁੰਬਈ ਦੇ ਗੋਰੇਗਾਂਵ ਦੇ ਬੰਗੂਰ ਨਗਰ ਇਲਾਕੇ ‘ਚ ਸਥਿਤ ਘਰ ਤੋਂ ਮਿਲੀ ਸੀ। ਜੰਜੂਆ ਨੂੰ ਭੰਗੜਾ ਅਤੇ ਹਿਪ ਹੌਪ ਗਾਇਕ ਵਜੋਂ ਵੀ ਜਾਣਿਆ ਜਾਂਦਾ ਸੀ।