ਚੰਡੀਗੜ੍ਹ, 7 ਅਗਸਤ 2021: ਅਫਗਾਨਿਸਤਾਨ ਦੇ ਪੇਕਟਿਆ ਸੂਬੇ ’ਚ ਤਾਲਿਬਾਨ ਵੱਲੋਂ ਸਿੱਖ ਇਤਿਹਾਸਕ ਧਾਰਮਿਕ ਸਥਾਨ ਦੀ ਬੇਅਦਬੀ ਕਰਨ ਦੀ ਸਿੱਖ ਭਾਈਚਾਰੇ ਨੇ ਸਖਤ ਨਿੰਦਾ ਕੀਤੀ ਸੀ।ਜਿਸ ਤੋਂ ਬਾਅਦ ਨਿਸ਼ਾਨ ਸਾਹਿਬ ਨੂੰ ਮੁੜ ਚੜ੍ਹਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਵਿੱਚ ਸਥਿਤ ਪੇਕਟਿਆ ਸੂਬੇ ਦੇ ਚਮਕਨੀ ਇਲਾਕੇ ਵਿੱਚ ਗੁਰਦੁਆਰਾ ਥਲਾਂ ਸਾਹਿਬ ਦੀ ਛੱਤ ਤੋਂ ਨਿਸ਼ਾਨ ਸਾਹਿਬ ਹਟਾਇਆ ਗਿਆ ਸੀ।ਇਹ ਗੁਰਦੁਆਰਾ ਪਵਿੱਤਰ ਸਥਾਨ ਹੈ,ਜਿਸ ਨੂੰ ਗੁਰੂ ਨਾਨਕ ਜੀ ਦੀ ਚਰਨ ਛੋਹ ਪ੍ਰਾਪਤ ਹੈ।
ਚਮਕਾਨੀ ਦਾ ਗੁਰਦੁਆਰਾ ਇੱਕ ਇਤਿਹਾਸਕ ਸਥਾਨ ਹੈ ਜਿਸ ਦੀ ਦੇਖਭਾਲ ਚਮਕਨੀ ਦੇ ਸਥਾਨਕ ਸਿੱਖ ਅਤੇ ਹਿੰਦੂ ਮਿਲ ਕੇ ਕਰਦੇ ਹਨ।ਇਹ ਅਸਥਾਨ ਪਹਿਲਾਂ ਵੀ ਖਬਰਾਂ ਵਿੱਚ ਆਇਆ ਸੀ ਜਦੋਂ ਜੁਲਾਈ ਵਿੱਚ ਤਾਲਿਬਾਨ ਨੇ ਨਿਦਾਨ ਸਿੰਘ ਸਚਦੇਵਾ ਨਾਂ ਦੇ ਇੱਕ ਸਿੱਖ ਨੂੰ ਅਗਵਾ ਕਰ ਲਿਆ ਸੀ।ਇਸ ਤੋਂ ਬਾਅਦ ਹੁਣ ਨਿਸ਼ਾਨ ਸਾਹਿਬ ਦਾ ਪ੍ਰਤੀਕ ਹਟਾਉਣ ਕਾਰਨ ਸਿੱਖ ਭਾਈਚਾਰੇ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਭਾਰਤੀ ਵਿਸ਼ਵ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਨੇ ਕਿਹਾ ਕਿ ਅੱਤਵਾਦੀਆਂ ਦੇ ਇਸ ਘਿਨਾਉਣੇ ਕਦਮ ਦੀ ਸਖਤ ਨਿੰਦਾ ਕਰਦੇ ਹਾਂ ਕਿਉਂਕਿ ਸ੍ਰੀ ਗੁਰੁ ਨਾਨਕ ਦੇਵ ਜੀ ਵਿਸ਼ਵ ਵਿਆਪੀ ਭਾਈਚਾਰੇ ਅਤੇ ਸ਼ਾਂਤੀ ਦੇ ਸੰਦੇਸ਼ਵਾਹਕ ਵਜੋਂ ਜਾਣੇ ਜਾਂਦੇ ਹਨ।ਉਹਨਾਂ ਇਹ ਵੀ ਕਿਹਾ ਕਿ ਅਫਗਾਨਿਸਤਾਨ ਵਿੱਚ ਸਿੱਖ ਧਾਰਮਿਕ ਸਥਾਨਾਂ ਦੀ ਉੱਚਤਮ ਪੱਧਰ ’ਤੇ ਸੰਭਾਲ ਕੀਤੀ ਜਾਵੇ।