ਚੰਡੀਗੜ੍ਹ, 29 ਸਤੰਬਰ 2023: ਭਾਰਤ ਦੀ ਸਟਾਰ ਮੁੱਕੇਬਾਜ਼ ਅਤੇ ਵਿਸ਼ਵ ਚੈਂਪੀਅਨ ਨਿਖਤ ਜ਼ਰੀਨ (Nikhat Zareen) ਨੇ ਔਰਤਾਂ ਦੇ 45-50 ਕਿਲੋਗ੍ਰਾਮ ਮੁੱਕੇਬਾਜ਼ੀ ਮੁਕਾਬਲੇ ਵਿੱਚ ਜਾਰਡਨ ਦੀ ਹਨਾਨ ਨਾਸਰ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਇਸ ਨਾਲ ਜ਼ਰੀਨ ਨੇ ਏਸ਼ਿਆਈ ਖੇਡਾਂ ਵਿੱਚ ਭਾਰਤ ਲਈ ਇੱਕ ਹੋਰ ਤਮਗਾ ਪੱਕਾ ਕਰ ਲਿਆ ਹੈ।
ਇਸ ਜਿੱਤ ਦੇ ਨਾਲ ਹੀ ਨਿਖਤ (Nikhat Zareen) ਨੇ ਪੈਰਿਸ ਓਲੰਪਿਕ 2024 ਦਾ ਕੋਟਾ ਵੀ ਹਾਸਲ ਕਰ ਲਿਆ ਹੈ। ਸ਼ੁੱਕਰਵਾਰ (29 ਸਤੰਬਰ) ਨੂੰ ਏਸ਼ੀਆਈ ਖੇਡਾਂ ਦਾ ਛੇਵਾਂ ਦਿਨ ਹੈ। ਭਾਰਤ ਨੂੰ ਛੇਵੇਂ ਦਿਨ ਨਿਸ਼ਾਨੇਬਾਜ਼ੀ ਵਿੱਚ ਪੰਜ ਤਮਗੇ ਮਿਲੇ ਹਨ। ਟੈਨਿਸ ਵਿੱਚ ਚਾਂਦੀ ਅਤੇ ਸਕੁਐਸ਼ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਇਸ ਨਾਲ ਹੁਣ ਕੁੱਲ ਮੈਡਲਾਂ ਦੀ ਗਿਣਤੀ 32 ਹੋ ਗਈ ਹੈ। ਇਸ ਤੋਂ ਪਹਿਲਾਂ ਖੇਡਾਂ ਦੇ ਪੰਜਵੇਂ ਦਿਨ ਤੱਕ ਭਾਰਤ ਛੇ ਸੋਨ, ਅੱਠ ਚਾਂਦੀ ਅਤੇ 11 ਕਾਂਸੀ ਦੇ ਤਮਗਿਆਂ ਨਾਲ ਪੰਜਵੇਂ ਸਥਾਨ ’ਤੇ ਸੀ। ਹੁਣ ਭਾਰਤ ਦੇ ਕੋਲ ਅੱਠ ਸੋਨ, 12 ਚਾਂਦੀ ਅਤੇ 12 ਕਾਂਸੀ ਹਨ। ਭਾਰਤ ਚੌਥੇ ਸਥਾਨ ‘ਤੇ ਹੈ।