ਫਗਵਾੜਾ , 16 ਜਨਵਰੀ 2024: ਫਗਵਾੜਾ ਦੇ ਗੁਰਦੁਆਰਾ ਚੌੜਾ ਖੂਹ ਵਿਖੇ ਇੱਕ ਨਿਹੰਗ ਸਿੰਘ ਨੇ ਬੇਅਦਬੀ ਦੇ ਸ਼ੱਕ ਵਿਚ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਵੀਡੀਓ ਬਣਾਈ। ਕਤਲ ਕਰਨ ਤੋਂ ਬਾਅਦ ਨਿਹੰਗ ਸਿੰਘ ਰਮਨਦੀਪ ਸਿੰਘ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਪਾ ਕੇ ਕਤਲ ਦੀ ਜ਼ਿੰਮੇਵਾਰੀ ਵੀ ਲਈ। ਦੱਸਿਆ ਜਾ ਰਿਹਾ ਹੈ ਉਕਤ ਨੌਜਵਾਨ ਕਥਿਤ ਬੇਅਦਬੀ ਕਰਨ ਲਈ ਗੁਰਦੁਆਰਾ ਸਾਹਿਬ ਆਇਆ ਸੀ |
ਉਕਤ ਨੌਜਵਾਨ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ‘ਚ ਕਹਿੰਦਾ ਹੈ ਕਿ ਉਸਨੂੰ ਪੈਸੇ ਦਾ ਲਾਲਚ ਦੇ ਕੇ ਗੁਰਦੁਆਰਾ ਸਾਹਿਬ ‘ਚ ਪੁੱਠਾ- ਸਿੱਧਾ ਕਰਨ ਲਈ ਕਿਹਾ ਸੀ, ਪਰ ਮੈਂ ਅਜਿਹਾ ਨਹੀਂ ਕੀਤਾ | ਉਸਨੇ ਕਿਹਾ ਕਿ ਸੁੱਖੀ ਨੇ ਇਸ ਕੰਮ ਲਈ ਦੋ ਤੋਂ ਤਿੰਨ ਹਜ਼ਾਰ ਦੇਣ ਦੀ ਗੱਲ ਆਖੀ ਸੀ | ਇਸ ਘਟਨਾ ਤੋਂ ਬਾਅਦ ਮੌਕੇ ’ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਤੇ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਏ.ਡੀ.ਜੀ.ਪੀ ਗੁਰਿੰਦਰ ਸਿੰਘ ਢਿੱਲੋਂ ਫਗਵਾੜਾ ‘ਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਚੌੜਾ ਖੂਹ ਫਗਵਾੜਾ ਵਿਖੇ ਬੇਅਦਬੀ ਦੀ ਕੋਸ਼ਿਸ਼ ਦੇ ਦੋਸ਼ ‘ਚ ਨਿਹੰਗ ਸਿੰਘ ਨੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ‘ਚ ਪੁਲਿਸ ਨੇ ਫਿਲਹਾਲ ਧਾਰਾ 295 ਏ ,304 ਆਈਪੀਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਏਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਜਾਂਚ ਟੀਮਾਂ ਬਣਾਈਆਂ ਗਈਆਂ ਹਨ, ਪੁਲਿਸ ਜਾਂਚ ਚੱਲ ਰਹੀ ਹੈ ਅਤੇ ਜਾਂਚ ਵਿੱਚ ਜੋ ਵੀ ਸਾਹਮਣੇ ਆਵੇਗਾ, ਉਸ ਵਿੱਚ ਕਤਲ ਦੀ ਧਾਰਾ ਵੀ ਜੋੜ ਦਿੱਤੀ ਜਾਵੇਗੀ।
ਏ.ਡੀ.ਜੀ.ਪੀ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਪਛਾਣ ਕਰ ਲਈ ਹੈ, ਕੁਝ ਜਾਂਚ ਹੋਣੀ ਬਾਕੀ ਹੈ ਜੋ ਕਿ ਗਠਿਤ ਟੀਮ ਵੱਲੋਂ ਕੀਤੀ ਜਾ ਰਹੀ ਹੈ | ਫੜੇ ਗਏ ਰਮਨਦੀਪ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ਲਿਆ ਜਾ ਰਿਹਾ ਹੈ। ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਪੋਸਟ ਮਾਰਟਮ ਲਈ ਰਖਵਾ ਦਿੱਤਾ ਗਿਆ ਹੈ |