ਚੰਡੀਗੜ੍ਹ, 09 ਨਵੰਬਰ 2023: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਬੁੱਧਵਾਰ ਨੂੰ 10 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਚੱਲ ਰਹੇ ਮਨੁੱਖੀ ਤਸਕਰੀ (human trafficking) ਦੇ ਨੈੱਟਵਰਕ ‘ਤੇ ਵੱਡੀ ਕਾਰਵਾਈ ਕੀਤੀ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਇਸ ਬਾਰੇ ਜਾਣਕਾਰੀ ਦਿੱਤੀ। ਏਜੰਸੀ ਨੇ ਕਿਹਾ ਕਿ ਸੀਮਾ ਸੁਰੱਖਿਆ ਬਲ (ਬੀਐਸਐਫ) ਅਤੇ ਰਾਜ ਪੁਲਿਸ ਬਲਾਂ ਦੇ ਨਾਲ, ਏਜੰਸੀ ਨੇ ਬੁੱਧਵਾਰ ਸਵੇਰੇ ਭਾਰਤ ਦੇ ਕਈ ਸੂਬਿਆਂ ਵਿੱਚ ਇੱਕ ਵਿਸ਼ਾਲ ਮੁਹਿੰਮ ਚਲਾਈ। ਇਸ ਦੌਰਾਨ ਮਨੁੱਖੀ ਤਸਕਰੀ ਦੇ ਚਾਰ ਮਾਮਲਿਆਂ ਵਿੱਚ 44 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।
ਇਨ੍ਹਾਂ ਵਿੱਚੋਂ ਤ੍ਰਿਪੁਰਾ ਤੋਂ 21, ਕਰਨਾਟਕ ਤੋਂ 10, ਅਸਾਮ ਤੋਂ 5, ਪੱਛਮੀ ਬੰਗਾਲ ਤੋਂ 3, ਤਾਮਿਲਨਾਡੂ ਤੋਂ 2 ਅਤੇ ਪੁਡੂਚੇਰੀ, ਤੇਲੰਗਾਨਾ ਅਤੇ ਹਰਿਆਣਾ ਤੋਂ 1-1 ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ‘ਤੇ ਗੈਰ-ਕਾਨੂੰਨੀ ਬੰਗਲਾਦੇਸ਼ੀਆਂ ਅਤੇ ਰੋਹਿੰਗਿਆ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਭੇਜਣ ਦੇ ਦੋਸ਼ ਹਨ |
ਐਨਆਈਏ ਨੇ ਦੱਸਿਆ ਕਿ ਮਨੁੱਖੀ ਤਸਕਰੀ (human trafficking) ਸਬੰਧੀ ਗੁਹਾਟੀ, ਚੇਨਈ, ਬੈਂਗਲੁਰੂ, ਜੈਪੁਰ ਵਿੱਚ ਐਨਆਈਏ ਦੀਆਂ ਸ਼ਾਖਾਵਾਂ ਵਿੱਚ ਦਰਜ ਚਾਰ ਕੇਸਾਂ ਦੇ ਸਬੰਧ ਵਿੱਚ ਇਹ ਕਾਰਵਾਈ ਕੀਤੀ ਗਈ ਹੈ। ਇਸ ਕਾਰਵਾਈ ਤਹਿਤ ਅੱਤਵਾਦ ਵਿਰੋਧੀ ਏਜੰਸੀ ਨੇ ਤ੍ਰਿਪੁਰਾ, ਅਸਾਮ, ਪੱਛਮੀ ਬੰਗਾਲ, ਕਰਨਾਟਕ, ਤਾਮਿਲਨਾਡੂ, ਤੇਲੰਗਾਨਾ, ਹਰਿਆਣਾ, ਰਾਜਸਥਾਨ, ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਪੁਡੂਚੇਰੀ ‘ਚ ਕੁੱਲ 55 ਟਿਕਾਣਿਆਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ। ਜਾਂਚ ਏਜੰਸੀ ਨੇ ਕਿਹਾ ਕਿ ਇਹ ਦਸਤਾਵੇਜ਼ ਜਾਅਲੀ ਹੋਣ ਦਾ ਸ਼ੱਕ ਹੈ। ਇਸ ਦੇ ਨਾਲ ਹੀ 20 ਲੱਖ ਰੁਪਏ ਦੇ ਭਾਰਤੀ ਨੋਟ ਅਤੇ 4550 ਅਮਰੀਕੀ ਡਾਲਰ (3,78,819 ਰੁਪਏ) ਦੇ ਨੋਟ ਵੀ ਬਰਾਮਦ ਹੋਏ ਹਨ।