ਚੰਡੀਗੜ੍ਹ, 22 ਨਵੰਬਰ 2023: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੀ ਟੀਮ ਨੇ ਬੁੱਧਵਾਰ ਸਵੇਰ ਮੋਗਾ ਵਿੱਚ ਛਾਪਾ ਮਾਰਿਆ ਹੈ। ਸੂਤਰਾਂ ਮੁਤਾਬਕ ਐੱਨ.ਆਈ.ਏ ਕਿਸੇ ਫੰਡਿੰਗ ਸਬੰਧੀ ਪੁੱਛਗਿੱਛ ਕਰ ਰਹੀ ਹੈ। ਇਹ ਛਾਪੇਮਾਰੀ ਪਿੰਡ ਝੰਡੇਵਾਲਾ ”ਚ ਗੁਰਲਾਭ ਸਿੰਘ ਦੇ ਘਰ ਕੀਤੀ ਗਈ ਹੈ । ਐੱਨ.ਆਈ.ਏ ਨੇ ਉਸ ਨੂੰ ਚੰਡੀਗੜ੍ਹ ਸੱਦਿਆ ਹੈ। ਐੱਨ.ਆਈ.ਏ ਦੀ ਟੀਮ ਨਾਲ ਮੋਗਾ ਪੁਲਿਸ ਵੀ ਮੌਜੂਦ ਹੈ।
ਐੱਨ.ਆਈ.ਏ ਨੇ ਗੁਰਲਾਭ ਸਿੰਘ ਦੀ ਘਰਵਾਲੀ ਹਰਪ੍ਰੀਤ ਕੌਰ ਤੋਂ ਲਗਭਗ ਢਾਈ ਘੰਟੇ ਪੁੱਛਗਿੱਛ ਕੀਤੀ ਹੈ । ਹਰਪ੍ਰੀਤ ਕੌਰ ਮੁਤਾਬਕ ਉਸ ਦਾ ਘਰਵਾਲਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ। ਐਨਆਈਏ ਨੇ ਗੁਰਲਾਭ ਨੂੰ 24 ਨਵੰਬਰ ਨੂੰ ਚੰਡੀਗੜ੍ਹ ਬੁਲਾਇਆ ਹੈ।
ਇਸਦੇ ਨਾਲ ਹੀ ਖ਼ਬਰ ਹੈ ਕਿ ਐੱਨ.ਆਈ.ਏ (NIA) ਨੇ ਖੰਨਾ ‘ਚ ਵੀ ਛਾਪਾ ਮਾਰਿਆ। ਇੱਥੇ ਸਿਮਰਜੀਤ ਸਿੰਘ ਬੈਂਸ ਦੇ ਨਜ਼ਦੀਕੀ ਰਹੇ ਲੋਕ ਇਨਸਾਫ਼ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸੀਆਰ ਕੰਗ ਦੇ ਘਰ ਅਤੇ ਨਸ਼ਾ ਛੁਡਾਊ ਕੇਂਦਰ ‘ਤੇ ਛਾਪਾ ਮਾਰਿਆ ਗਿਆ। ਸੂਤਰਾਂ ਮੁਤਾਬਕ ਐੱਨ.ਆਈ.ਏ ਦੀ ਟੀਮ ਸਵੇਰੇ ਕਰੀਬ 6 ਵਜੇ ਪਿੰਡ ਬਾਹੋਮਾਜਰਾ ਵਿੱਚ ਸੀਆਰ ਕੰਗ ਦੇ ਘਰ ਪਹੁੰਚੀ।