ਚੰਡੀਗੜ੍ਹ, 25 ਅਗਸਤ 2023: ਜ਼ਿਲ੍ਹਾ ਤਰਨ ਤਾਰਨ ‘ਚ ਬਦਮਾਸ਼ ਲਖਬੀਰ ਸਿੰਘ ਲੰਡਾ (Lakhbir Singh Landa) ਦੀ ਜ਼ਮੀਨ ਐੱਨ ਆਈ.ਏ ਵੱਲੋਂ ਜ਼ਬਤ ਕਰਕੇ ਸਖ਼ਤ ਐਕਸ਼ਨ ਲਿਆ ਹੈ। ਪੁਲਿਸ ਮੁਤਾਬਕ ਲਖਬੀਰ ਲੰਡਾ ਮੋਹਾਲੀ ਸੀ.ਆਈ.ਡੀ ਦਫ਼ਤਰ ਅਤੇ ਥਾਣਾ ਸਰਹਾਲੀ ਉੱਪਰ ਹਮਲਾ ਕਰਨ ਤੋਂ ਇਲਾਵਾ ਫ਼ਿਰੌਤੀ ਮੰਗਣ ਦੇ ਨਾਲ ਪਾਕਿਸਤਾਨ ਵੱਲੋਂ ਡਰੋਨ ਦੀ ਮੱਦਦ ਨਾਲ ਨਸ਼ੇ ਅਤੇ ਹਥਿਆਰਾਂ ਦੀ ਖੇਪ ਮੰਗਵਾਉਣ ਦਾ ਕੰਮ ਕਰਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਐੱਨ.ਆਈ. ਏ ਦੀ ਵਿਸ਼ੇਸ਼ ਅਦਾਲਤ ਦਿੱਲੀ ਵੱਲੋਂ ਜਾਰੀ ਹੁਕਮਾਂ ਤਹਿਤ 4 ਕਨਾਲ ਜ਼ਮੀਨ ਨੂੰ ਜ਼ਬਤ ਕਰਨ ਸਬੰਧੀ ਨੋਟਿਸ ਲਗਾਉਣ ਦੀ ਕਾਰਵਾਈ ਅਮਲ ‘ਚ ਲਿਆਂਦੀ ਗਈ ਹੈ। ਇਸ ਕਾਰਵਾਈ ਨੂੰ ਐੱਨ.ਆਈ.ਏ ਤੇ ਐੱਸ.ਪੀ ਤੇਜਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਹੈ । ਇਹ ਕਾਰਵਾਈ ਅਨਲਾਅਫੁਲ ਐਕਟੀਵਿਟੀਜ਼ ਐਕਟ 1967 ਤਹਿਤ ਅਮਲ ਵਿੱਚ ਲਿਆਂਦੀ ਗਈ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ ਲਖਬੀਰ ਸਿੰਘ ਲੰਡਾ ਖ਼ਿਲਾਫ਼ ਕਤਲ, ਫਿਰੋਤੀ ਮੰਗਣ, ਧਮਕਾਉਣ, ਅਸਲਾ ਐਕਟ ਤੋਂ ਇਲਾਵਾ ਪਾਕਿਸਤਾਨ ਤੋਂ ਡਰੋਨ ਦੀ ਮੱਦਦ ਨਾਲ ਹੈਰੋਇਨ ਅਤੇ ਅਸਲੇ ਦੀਆਂ ਖੇਪਾਂ ਮੰਗਵਾਉਣ ਸਬੰਧੀ ਕਈ ਮਾਮਲੇ ਦਰਜ ਹਨ।
ਐੱਨ.ਆਈ. ਏ ਦੀ ਵਿਸ਼ੇਸ਼ ਅਦਾਲਤ ਦਿੱਲੀ ਵਲੋਂ ਬੀਤੀ 14 ਅਗਸਤ ਨੂੰ ਗੈਂਗਸਟਰ ਲਖਬੀਰ ਸਿੰਘ ਲੰਡਾ (Lakhbir Singh Landa) ਦੀ ਜ਼ਮੀਨ ਜੋ ਪਿੰਡ ਕਿੜੀਆਂ ਵਿਖੇ ਮੌਜੂਦ ਹੈ, ਜਿਸ ਨੂੰ ਜ਼ਬਤ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਐੱਨ.ਆਈ. ਏ ਦੀ ਟੀਮ ਵੱਲੋਂ ਸ਼ੁਕਰਵਾਰ ਮੌਕੇ ‘ਤੇ ਪਹੁੰਚ ਕੇ ਜ਼ਮੀਨ ਜ਼ਬਤ ਕਰਨ ਦਾ ਨੋਟਿਸ ਲਗਾ ਦਿੱਤਾ ਗਿਆ ਹੈ।