NIA

NIA ਵੱਲੋਂ ਮਾਨਸਾ ਜ਼ਿਲ੍ਹੇ ਦੇ ਦਰਜਨਾ ਪਿੰਡਾਂ ‘ਚ ਛਾਪੇਮਾਰੀ, ਮੋਬਾਈਲ ਫੋਨ ਤੇ ਦਸਤਾਵੇਜ਼ ਕਬਜ਼ੇ ‘ਚ ਲਏ

ਮਾਨਸਾ, 27 ਸਤੰਬਰ 2023: ਐੱਨ.ਆਈ.ਏ (NIA) ਵੱਲੋਂ ਅੱਜ ਮਾਨਸਾ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਤਹਿਤ ਐੱਨ.ਆਈ.ਏ ਵੱਲੋਂ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਅਤੇ ਗੈਂਗਸਟਰਾਂ ਨਾਲ ਸਬੰਧ ਹੋਣ ਵਾਲੇ ਵਿਅਕਤੀਆਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ | ਇਹ ਛਾਪੇਮਾਰੀ 5 ਘੰਟੇ ਤੱਕ ਚੱਲੀ।

ਐੱਨ.ਆਈ.ਏ (NIA) ਦੀ ਟੀਮ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਬਹਿਣੀਵਾਲ, ਘਰਾਗਣਾ, ਖਿਆਲਾ ਕਲਾਂ, ਮਾਨਸਾ, ਅਤਲਾ ਖੁਰਦ, ਭੋਪਾਲ ਖ਼ੁਰਦ ਆਦਿ ਪਿੰਡਾਂ ਦੇ ਵਿੱਚ ਪੰਜ ਘੰਟੇ ਤੱਕ ਛਾਪੇਮਾਰੀ ਕੀਤੀ ਗਈ ਹੈ | ਇਸ ਛਾਪੇਮਾਰੀ ਦੇ ਦੌਰਾਨ ਐੱਨ.ਆਈ.ਏ ਦੁਆਰਾ ਸਾਧੂ ਸਿੰਘ ਵਾਸੀ ਮਾਨਸਾ, ਜਸਪ੍ਰੀਤ ਸਿੰਘ ਵਾਸੀ ਭੋਪਾਲ ਖੁਰਦ, ਜਗਦੀਸ਼ ਸਿੰਘ ਵਾਸੀ ਬਹਿਣੀਵਾਲ, ਸ਼ਿਮਲਾ ਸਿੰਘ ਵਾਸੀ ਘਰਾਗਣਾ, ਮਨਪ੍ਰੀਤ ਸਿੰਘ ਖਿਆਲਾ ਕਲਾਂ, ਬਲਰਾਜ ਸਿੰਘ ਮਾਨਸਾ ਆਦਿ ਤੋਂ ਇਲਾਵਾ ਹੋਰ ਵੀ ਕਈ ਪਿੰਡਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ |

ਐੱਨ.ਆਈ.ਏ ਨੇ ਪੰਜ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਕਈ ਜਣਿਆਂ ਦੇ ਦਸਤਾਵੇਜ ਅਤੇ ਉਹਨਾਂ ਦੇ ਮੋਬਾਈਲ ਫੋਨ ਵੀ ਕਬਜੇ ਦੇ ਵਿੱਚ ਲਏ ਗਏ ਹਨ। ਜਰਨੈਲ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਸਵੇਰੇ 5:00 ਵਜੇ ਤੋਂ ਹੀ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਅਤੇ ਉਹਨਾਂ ਦੇ ਘਰ ਪੁਲਿਸ ਨੇ ਤਲਾਸ਼ੀ ਵੀ ਜਾਰੀ ਰੱਖੀ | ਇਸ ਦੌਰਾਨ ਉਹਨਾਂ ਦੇ ਲੜਕੇ ਨੂੰ ਅਲੱਗ ਕਮਰੇ ਦੇ ਵਿੱਚ ਬਿਠਾ ਕੇ ਪੰਜ ਘੰਟੇ ਤੱਕ ਪੁੱਛਗਿੱਛ ਕਰਦੇ ਰਹੇ | ਉਹਨਾਂ ਦੱਸਿਆ ਕਿ ਛਾਪੇਮਾਰੀ ਕਰਨ ਵਾਲੀ ਟੀਮ ਉਹਨਾਂ ਦੇ ਲੜਕੇ ਦਾ ਮੋਬਾਈਲ ਫੋਨ ਤੇ ਕੁਝ ਦਸਤਾਵੇਜ਼ ਨਾਲ ਲੈ ਗਏ ਹਨ | ਉਹਨਾਂ ਦੱਸਿਆ ਕਿ ਪੰਜ ਘੰਟੇ ਤੱਕ ਪੁਲਿਸ ਵੱਲੋਂ ਉਨ੍ਹਾਂ ਨੂੰ ਨਾ ਬਾਹਰ ਜਾਣ ਦਿੱਤਾ ਗਿਆ ਅਤੇ ਨਾ ਹੀ ਕਿਸੇ ਨੂੰ ਘਰ ਦੇ ਵਿੱਚ ਆਉਣ ਦਿੱਤਾ ਗਿਆ। ਇਹ ਵੀ ਦੱਸਿਆ ਕਿ ਤਲਾਸ਼ੀ ਦੌਰਾਨ ਕੋਈ ਵੀ ਸਾਡੇ ਘਰ ਦੇ ਵਿੱਚੋਂ ਚੀਜ਼ ਨਹੀਂ ਮਿਲੀ।

Scroll to Top