ਦਿੱਲੀ, 22 ਜੂਨ 2023 (ਦਵਿੰਦਰ ਸਿੰਘ): 17 ਮਈ ਨੂੰ ਵਿਕਾਸ ਦੇ ਲਖਨਊ ਸਥਿਤ ਫਲੈਟ ‘ਤੇ ਛਾਪੇਮਾਰੀ ਕਰਨ ਅਤੇ ਉਸੇ ਦਿਨ ਵਿਕਾਸ ਦੇ ਦੇਵਗੜ੍ਹ ਸਥਿਤ ਰਿਹਾਇਸ਼ ‘ਤੇ ਪੁੱਛਗਿੱਛ ਲਈ ਅਯੁੱਧਿਆ ਆਉਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੀ ਕਿ ਐੱਨ.ਆਈ.ਏ. ਵਿਕਾਸ ਨੂੰ ਕਿਸੇ ਵੀ ਸਮੇਂ ਗ੍ਰਿਫਤਾਰ ਕਰ ਸਕਦੀ ਹੈ।
ਐੱਨ.ਆਈ.ਏ. (NIA) ਦੀ ਟੀਮ ਨੇ ਜਾਂਚ ਦੌਰਾਨ ਪੁਖ਼ਤਾ ਸਬੂਤ ਮਿਲਣ ਤੋਂ ਬਾਅਦ ਬੁੱਧਵਾਰ ਨੂੰ ਅਯੁੱਧਿਆ ਦੇ ਹਿਸਟਰੀ ਸ਼ੀਟਰ ਵਿਕਾਸ ਸਿੰਘ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਹੈ । ਵਿਕਾਸ ‘ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇਬਾਜ਼ਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦਾ ਦੋਸ਼ ਹੈ। 17 ਮਈ ਨੂੰ ਐੱਨ.ਆਈ.ਏ. ਨੇ ਲਖਨਊ ਦੇ ਗੋਮਤੀ ਨਗਰ ‘ਚ ਵਿਕਾਸ ਸਿੰਘ ਦੇ ਫਲੈਟ ‘ਤੇ ਛਾਪਾ ਮਾਰਿਆ ਸੀ। ਉਸ ਸਮੇਂ ਵਿਕਾਸ ਅਯੁੱਧਿਆ ਸਥਿਤ ਆਪਣੀ ਰਿਹਾਇਸ਼ ‘ਤੇ ਸੀ। ਐਨਆਈਏ ਦੀ ਟੀਮ ਨੇ ਵੀ ਇੱਥੇ ਆ ਕੇ ਉਸ ਦੀ ਰਿਹਾਇਸ਼ ’ਤੇ ਬੰਦ ਕਮਰੇ ਵਿੱਚ ਦੋ ਘੰਟੇ ਤੱਕ ਪੁੱਛਗਿੱਛ ਕੀਤੀ। ਟੀਮ ਨੇ ਵਿਕਾਸ ਦੇ ਦੋ ਮੋਬਾਈਲ ਫ਼ੋਨ ਵੀ ਜ਼ਬਤ ਕੀਤੇ ਹਨ।
ਸੂਤਰਾਂ ਮੁਤਾਬਕ ਐੱਨ.ਆਈ.ਏ. (NIA) ਦੀ ਟੀਮ ਨੇ ਮਹਾਂਰਾਜਗੰਜ ਥਾਣਾ ਖੇਤਰ ਦੇ ਅਧੀਨ ਦੇਵਗੜ੍ਹ ਦੇ ਰਹਿਣ ਵਾਲੇ ਵਿਕਾਸ ਨੂੰ ਪੁੱਛਗਿੱਛ ਲਈ ਪੰਜ ਦਿਨਾਂ ਲਈ ਹਿਰਾਸਤ ‘ਚ ਲਿਆ ਹੈ। ਐਨਆਈਏ ਨੇ ਆਪਣੀ ਜਾਂਚ ਵਿੱਚ ਵਿਕਾਸ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਮੰਨਿਆ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਵਿਕਾਸ ਦੀ ਜਾਣ-ਪਛਾਣ ਲਾਰੈਂਸ ਬਿਸ਼ਨੋਈ ਦੇ ਇਕ ਹੋਰ ਸਾਥੀ ਅਤੇ ਦੋਸਤ ਵਿੱਕੀ ਮਿੱਡੂਖੇੜਾ ਨੇ ਕਰਵਾਈ ਸੀ। ਵਿਕਾਸ ਨੇ ਪਹਿਲਾਂ ਹੀ ਆਪਣੇ ਜਾਣਕਾਰ ਦਿਵਯਾਂਸ਼ੂ ਨੂੰ ਲਾਰੈਂਸ ਬਿਸ਼ਨੋਈ ਸਿੰਡੀਕੇਟ ਨਾਲ ਜੋੜਿਆ ਸੀ। ਦੋਵੇਂ ਨਾਂਦੇੜ ਵਿੱਚ ਵਪਾਰੀ ਸੰਜੇ ਬਿਆਨੀ ਅਤੇ ਪੰਜਾਬ ਵਿੱਚ ਰਾਣਾ ਕੰਧੋਵਾਲੀਆ ਸਮੇਤ ਕਈਆਂ ਦੇ ਕਤਲਾਂ ਵਿੱਚ ਸ਼ਾਮਲ ਸਨ। ਵਿਕਾਸ ਸਿੰਘ ਨੇ ਰਾਣਾ ਕੰਦੋਵਾਲੀਆ ਕਤਲ ਕਾਂਡ ਤੋਂ ਬਾਅਦ ਰਿੰਕੂ ਨਾਮ ਦੇ ਇੱਕ ਹੋਰ ਮੁਲਜ਼ਮ ਨੂੰ ਵੀ ਪਨਾਹ ਦਿੱਤੀ ਸੀ।
ਇਸ ਤੋਂ ਇਲਾਵਾ ਸਾਲ 2020 ਦੀ ਸ਼ੁਰੂਆਤ ‘ਚ ਚੰਡੀਗੜ੍ਹ ‘ਚ ਹੋਏ ਦੋਹਰੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੇ ਨਿਰਦੇਸ਼ਾਂ ‘ਤੇ ਮੋਨੂੰ ਡਾਗਰ, ਪ੍ਰਧਾਨ ਵਾਸੀ ਬਹਾਦਰਗੜ੍ਹ, ਚੀਮਾ ਵਾਸੀ ਚੰਡੀਗੜ੍ਹ, ਰਾਜਨ ਵਾਸੀ ਕੁਰੂਕਸ਼ੇਤਰ ਆਦਿ ਵਿਕਾਸ ਸਿੰਘ ਦੇ ਨਾਲ ਲਖਨਊ ‘ਚ ਸਨ। ਜਾਂਚ ‘ਚ ਇਹ ਵੀ ਪਤਾ ਲੱਗਾ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਬਦਮਾਸ਼ਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ‘ਚੋਂ ਵਿਕਾਸ ਨੇ ਦੋ ਬਦਮਾਸ਼ਾਂ ਨੂੰ ਅਯੁੱਧਿਆ ‘ਚ ਪਨਾਹ ਦਿੱਤੀ ਸੀ। ਇਸ ਬਦਮਾਸ਼ ਨੇ ਮੋਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਆਰਪੀਜੀ ਹਮਲਾ ਕੀਤਾ ਸੀ। ਇਸ ਤੋਂ ਇਲਾਵਾ ਵਿਕਾਸ ਨੇ ਲਾਰੈਂਸ ਦੇ ਕਈ ਬਦਮਾਸ਼ਾਂ ਨੂੰ ਅਯੁੱਧਿਆ ‘ਚ ਪਨਾਹ ਦਿੱਤੀ ਸੀ।