ਚੰਡੀਗੜ੍ਹ, 28 ਮਾਰਚ 2026: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਜੱਚਾ-ਬੱਚਾ ਦੇਖਭਾਲ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦੀ ਦਿਸ਼ਾ ਵੱਲ ਅਹਿਮ ਕਦਮ ਚੁੱਕਦਿਆਂ, ਰਾਸ਼ਟਰੀ ਸਿਹਤ ਮਿਸ਼ਨ (NHM) ਪੰਜਾਬ ਨੇ ਅੰਤਰਰਾਸ਼ਟਰੀ ਗੈਰ-ਸਰਕਾਰੀ ਸੰਸਥਾ ਜੇਐਚਪੀਆਈਜੀਓ ਨਾਲ ਸਮਝੌਤਾ ਸਹੀਬੱਧ ਕੀਤਾ ਹੈ।
ਇਸ ਲੰਮੇ ਸਮੇਂ ਲਈ ਕੀਤੇ ਸਮਝੌਤੇ ‘ਤੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ ‘ਚ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਕੁਮਾਰ ਰਾਹੁਲ ਅਤੇ ਜੇਐਚਪੀਆਈਜੀਓ ਦੇ ਕੰਟਰੀ ਡਾਇਰੈਕਟਰ ਡਾ. ਅਮਿਤ ਅਰੁਣ ਸ਼ਾਹ ਨੇ ਦਸਤਖ਼ਤ ਕੀਤੇ।
ਇਸ ਸਮਝੌਤੇ ਬਾਰੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਭਾਈਵਾਲੀ ਪ੍ਰਜਨਨ, ਜਣੇਪਾ, ਨਵਜੰਮੇ, ਬੱਚੇ, ਕਿਸ਼ੋਰ ਸਿਹਤ ਅਤੇ ਪੋਸ਼ਣ (ਆਰਐਮਐਨਸੀਐਚਏ +ਐਨ) ਸੇਵਾਵਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਨਵੀਨਤਾ-ਅਧਾਰਤ ਜਨਤਕ ਸਿਹਤ ਸੁਧਾਰਾਂ ਅਤੇ ਪੰਜਾਬ ਨੂੰ ਡਿਜੀਟਲ ਸਿਹਤ ‘ਚ ਮੋਹਰੀ ਸੂਬਾ ਬਣਾਉਣ ਪ੍ਰਤੀ ਸੂਬਾ ਦੀ ਵਚਨਬੱਧਤਾ ਨਾਲ ਮੇਲ ਖਾਂਦੀ ਹੈ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਜੱਚਾ-ਬੱਚਾ ਸਿਹਤ ਸੰਭਾਲ ਨੂੰ ਬਿਹਤਰ ਬਣਾਉਣ ਲਈ ਤਕਨੀਕੀ ਸਹਾਇਤਾ ‘ਚ ਵਾਧਾ ਕਰਨਾ ਹੈ। ਉਨ੍ਹਾਂ ਕਿਹਾ, “ਸਾਡਾ ਧਿਆਨ ਡਿਜੀਟਲ ਅਤੇ ਡੇਟਾ-ਅਧਾਰਤ ਪਹੁੰਚਾਂ ਦੀ ਵਰਤੋਂ ਕਰਦਿਆਂ ਉੱਚ-ਜੋਖਮ ਵਾਲੀਆਂ ਗਰਭ-ਅਵਸਥਾਵਾਂ ਦੀ ਪਛਾਣ ਅਤੇ ਪ੍ਰਬੰਧਨ ਰਾਹੀਂ ਜਨਮ ਤੋਂ ਪਹਿਲਾਂ, ਜਨਮ ਦੌਰਾਨ ਅਤੇ ਜਨਮ ਤੋਂ ਬਾਅਦ ਦੀ ਦੇਖਭਾਲ ਨੂੰ ਮਜ਼ਬੂਤ ਕਰਨ ‘ਤੇ ਕੇਂਦਰਿਤ ਹੋਵੇਗਾ।”
ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਵੱਲੋਂ ਲਾਭਪਾਤਰੀ ਟਰੈਕਿੰਗ ਪ੍ਰਣਾਲੀਆਂ, ਆਈਓਟੀ ਸਮਰੱਥ ਡਿਵਾਈਸਾਂ ਅਤੇ ਲੇਬਰ ਰੂਮ ਨਿਗਰਾਨ ਉਪਾਵਾਂ ਸਮੇਤ ਮੁੱਖ ਡਿਜੀਟਲ ਸਿਹਤ ਪਲੇਟਫਾਰਮਾਂ ਦੇ ਏਕੀਕਰਨ ਨੂੰ ਮਜ਼ਬੂਤ ਕਰੇਗਾ। ਇਸ ਨਾਲ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਦੀ ਅਸਲ-ਸਮੇਂ ਦੀ ਟਰੈਕਿੰਗ, ਉੱਚ-ਜੋਖਮ ਵਾਲੇ ਮਾਮਲਿਆਂ ਦੀ ਸ਼ੁਰੂਆਤੀ ਪੜਾਅ ‘ਤੇ ਪਛਾਣ ਅਤੇ ਸਮੇਂ ਸਿਰ ਕਲੀਨਿਕਲ ਦਖਲ ਨੂੰ ਯਕੀਨੀ ਬਣਾਇਆ ਜਾ ਸਕੇਗਾ।
ਉਨ੍ਹਾਂ ਨੇ ਕਿਹਾ ਕਿ ਇਸ ਸਹਿਯੋਗ ‘ਚ ਸਿਹਤ ਸੰਭਾਲ ਕਰਮਚਾਰੀਆਂ ਦੀ ਸਮਰੱਥਾ ‘ਚ ਵਾਧਾ ਕਰਨਾ, ਤੀਬਰ ਨਿਗਰਾਨੀ, ਸਹਾਇਕ ਨਿਗਰਾਨੀ ਅਤੇ ਨੀਤੀ-ਪੱਧਰੀ ਤਕਨੀਕੀ ਸਹਾਇਤਾ ਵੀ ਸ਼ਾਮਲ ਹੋਵੇਗੀ। ਇਨ੍ਹਾਂ ਯਤਨਾਂ ਨਾਲ ਜੱਚਾ-ਬੱਚਾ ਮੌਤ ਦਰ ‘ਚ ਕਾਫ਼ੀ ਕਮੀ ਆਉਣ ਦੀ ਸੰਭਾਵਨਾ ਹੈ ਜੋ ਸਥਾਈ ਵਿਕਾਸ ਟੀਚਿਆਂ ਦੀ ਪ੍ਰਾਪਤੀ ‘ਚ ਅਹਿਮ ਯੋਗਦਾਨ ਪਾਵੇਗਾ।
Read More: ਤਕਨਾਲੋਜੀ ਤੇ AI ਨੂੰ ਨਿਆਂਇਕ ਪ੍ਰਣਾਲੀ ‘ਚ ਸਹਾਇਕ ਸਾਧਨ ਵਜੋਂ ਵਰਤਿਆ ਜਾਣਾ ਚਾਹੀਦੈ: ਜਸਟਿਸ ਅਗਸਟਿਨ ਜਾਰਜ ਮਸੀਹ




