ਚੰਡੀਗੜ੍ਹ 27 ਅਕਤੂਬਰ 2025: ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਅੱਜ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ, ਜਿਨ੍ਹਾਂ ਨਾਲ ਡੀਜੀਐਮ (ਤਕਨੀਕੀ) ਅਤੇ ਐਨਐਚਏਆਈ ਦੇ ਹੋਰ ਅਧਿਕਾਰੀ ਸ਼ਾਮਲ ਸਨ | ਇਸ ਮੌਕੇ ਪੰਜਾਬ ਭਰ ‘ਚ ਚੱਲ ਰਹੇ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਦੇ ਨਾਲ-ਨਾਲ ਬੁਨਿਆਦੀ ਢਾਂਚੇ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਦੇ ਹੱਲ ਬਾਰੇ ਵਿਸਥਾਰਤ ਚਰਚਾ ਕੀਤੀ।
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਆਦਮਪੁਰ ਹਵਾਈ ਅੱਡੇ ਨੇੜੇ ਲਗਭਗ 3 ਕਿਲੋਮੀਟਰ ਦੇ ਹਿੱਸੇ ਨੂੰ ਵਿਕਸਤ ਕਰਨ ਦੀ ਤੁਰੰਤ ਲੋੜ ‘ਤੇ ਕਿਹਾ ਕਿ ਇਹ ਹਿੱਸਾ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਅਧਿਕਾਰ ਖੇਤਰ ਅਧੀਨ ਆਉਂਦਾ ਹੈ, ਜਿਸਨੂੰ ਐਨਐਚਏਆਈ ਦੁਆਰਾ ਤੁਰੰਤ ਵਿਚਾਰਿਆ ਜਾਣਾ ਚਾਹੀਦਾ ਹੈ ਤਾਂ ਜੋ ਹਵਾਈ ਅੱਡੇ ਵੱਲ ਸੁਰੱਖਿਅਤ ਅਤੇ ਕੁਸ਼ਲ ਸੜਕੀ ਸੰਪਰਕ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਦੌਰਾਨ ਲੁਧਿਆਣਾ-ਰੋਪੜ ਹਾਈਵੇਅ ਪ੍ਰੋਜੈਕਟ ‘ਤੇ ਵੀ ਵਿਸ਼ੇਸ਼ ਚਰਚਾ ਹੋਈ ਜਿਸ ਸਬੰਧੀ ਕੈਬਨਿਟ ਮੰਤਰੀ ਨੇ ਇਸਦੇ ਅਮਲ ‘ਚ ਆ ਰਹੀ ਦੇਰੀ ਦਾ ਜ਼ਿਕਰ ਕਰਦਿਆਂ ਸਬੰਧਤ ਪ੍ਰੋਜੈਕਟ ਲਈ ਮੁੜ ਟੈਂਡਰ ਜਾਰੀ ਕਰਨ ਅਤੇ ਇਸਨੂੰ ਤੇਜ਼ੀ ਨਾਲ ਪੂਰਾ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਜੋ ਲੰਬੇ ਸਮੇਂ ਤੋਂ ਬਕਾਇਆ ਕੰਮਾਂ ਨੂੰ ਬਿਨਾਂ ਕਿਸੇ ਅੜਿੱਕੇ ਦੇ ਛੇਤੀ ਪੂਰਾ ਕੀਤਾ ਜਾ ਸਕੇ। ਅਮਨ ਅਰੋੜਾ ਨੇ ਪੰਜਾਬ ਸਰਕਾਰ ਦੀ ਮਾਈਨਿੰਗ ਨੀਤੀ ਅਨੁਸਾਰ ਪ੍ਰੋਜੈਕਟਾਂ ਲਈ ਮਿੱਟੀ ਦੀ ਭਰਾਈ ਦੇ ਕੰਮ ‘ਚ ਮੱਦਦ ਦਾ ਭਰੋਸਾ ਦਿੱਤਾ।
ਐਨਐਚਐਲਐਮਐਲ ਪਾਰਕਿੰਗ ਪ੍ਰੋਜੈਕਟ ਬਾਰੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਉੱਚ ਅਧਿਕਾਰੀਆਂ ਦੇ ਪੱਧਰ ‘ਤੇ ਦੇਰੀ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਸ ਨਾਲ ਟੈਂਡਰ ਅਤੇ ਨਿਰਮਾਣ ਕਾਰਜ ਰੁਕੇ ਹੋਏ ਹਨ, ਜਿਸ ਉਪਰੰਤ ਐਨਐਚਏਆਈ ਦੇ ਚੇਅਰਮੈਨ ਨੇ ਤੁਰੰਤ ਐਨਐਚਐਲਐਮਐਲ ਦੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੀਆਂ ਪ੍ਰਵਾਨਗੀਆਂ ਦੇਣ ਦੇ ਨਿਰਦੇਸ਼ ਦਿੱਤੇ ਤਾਂ ਜੋ ਕੰਮ ਛੇਤੀ ਤੋਂ ਛੇਤੀ ਸ਼ੁਰੂ ਹੋ ਸਕੇ।
ਲੁਧਿਆਣਾ ਸਾਈਕਲ ਟਰੈਕ ਦੀ ਹੌਲੀ ਪ੍ਰਗਤੀ ‘ਤੇ ਚਿੰਤਾ ਪ੍ਰਗਟ ਕਰਦਿਆਂ ਕੈਬਨਿਟ ਮੰਤਰੀ ਸੰਜੀਵ ਨੇ ਖੇਤਰੀ ਦਫ਼ਤਰ (ਆਰਓ) ਪੰਜਾਬ ਦੁਆਰਾ ਮਜ਼ਬੂਤ ਨਿਗਰਾਨੀ ਅਤੇ ਸਿੱਧੇ ਦਖਲ ਦੀ ਅਪੀਲ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਐਨਐਚਏਆਈ ਦਾ ਇਹ ਪਾਇਲਟ ਪ੍ਰੋਜੈਕਟ ਬਕਾਇਦਾ ਆਉਣ-ਜਾਣ ਵਾਲਿਆਂ ਅਤੇ ਸਾਈਕਲ ਸਵਾਰਾਂ ਦੀ ਸਹੂਲਤ ਲਈ ਸਮੇਂ-ਸਿਰ ਪੂਰਾ ਹੋ ਸਕੇ।
ਬੈਠਕ ‘ਚ ਦਿੱਲੀ-ਕਟੜਾ ਹਾਈਵੇਅ ਨੂੰ ਪ੍ਰਭਾਵਿਤ ਕਰਨ ਅਤੇ ਵਾਰ-ਵਾਰ ਦਰਪੇਸ਼ ਆਉਣ ਵਾਲੇ ਫੰਡ-ਰਿਲੀਜ਼ ਅਤੇ ਪੋਰਟਲ ਸਬੰਧੀ ਮੁੱਦਿਆਂ ‘ਤੇ ਵੀ ਚਰਚਾ ਕੀਤੀ। ਕੈਬਨਿਟ ਮੰਤਰੀ ਅਰੋੜਾ ਨੇ ਕਿਹਾ ਕਿ ਕੇਂਦਰੀ ਫੰਡ ਪੋਰਟਲ ‘ਤੇ ਦਰਪੇਸ਼ ਤਕਨੀਕੀ ਸਮੱਸਿਆਵਾਂ ਕੰਮ ‘ਚ ਅੜਚਨ ਅਤੇ ਵਿੱਤੀ ਅਨਿਸ਼ਚਿਤਤਾ ਵਾਲਾ ਮਾਹੌਲ ਪੈਦਾ ਕਰ ਰਹੀਆਂ ਹਨ; ਚੇਅਰਮੈਨ ਨੇ ਆਰਓ ਪੰਜਾਬ ਨੂੰ ਪੋਰਟਲ ਨਾਲ ਸਬੰਧਤ ਸਾਰੇ ਮੁੱਦਿਆਂ ਨੂੰ ਤੁਰੰਤ ਹੱਲ ਕਰਨ ਅਤੇ ਨਿਰਵਿਘਨ ਫੰਡ ਪ੍ਰਵਾਹ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਇਸ ਦੌਰਾਨ ਜਲੰਧਰ-ਅੰਮ੍ਰਿਤਸਰ ਹਾਈਵੇਅ ਪ੍ਰੋਜੈਕਟ ਦੀ ਵਿਸਤ੍ਰਿਤ ਸਮੀਖਿਆ ਕੀਤੀ , ਜਿੱਥੇ ਦੋਵਾਂ ਅਧਿਕਾਰੀਆਂ ਨੇ ਮੁਰੰਮਤ ਸਬੰਧੀ ਬਕਾਇਆ ਕਾਰਜਾਂ ‘ਤੇ ਚਰਚਾ ਕੀਤੀ ਅਤੇ ਆਵਾਜਾਈ ਦੇ ਪ੍ਰਵਾਹ ਅਤੇ ਬਿਹਤਰ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੇਜ਼ ਕਾਰਜ ਯੋਜਨਾਵਾਂ ‘ਤੇ ਸਹਿਮਤੀ ਪ੍ਰਗਟਾਈ।
ਹਲਵਾਰਾ ਹਵਾਈ ਅੱਡੇ ‘ਤੇ ਜਲਦ ਹੀ ਵਪਾਰਕ ਕਾਰਜ ਸ਼ੁਰੂ ਹੋਣ ਦੇ ਮੱਦੇਨਜ਼ਰ ਕੈਬਨਿਟ ਮੰਤਰੀ ਅਰੋੜਾ ਨੇ ਪੂਰੇ ਮਾਲਵਾ ਖੇਤਰ ਦੀਆਂ ਆਵਾਜਾਈ ਲੋੜਾਂ ਨੂੰ ਪੂਰਾ ਕਰਨ ਲਈ ਹਵਾਈ ਅੱਡੇ ਨਾਲ ਮਜ਼ਬੂਤ ਸੜਕੀ ਸੰਪਰਕ ਦੀ ਮਹੱਤਤਾ ‘ਤੇ ਜ਼ੋਰ ਦਿੱਤਾ, ਜਿਸ ਨੂੰ ਵਿਚਾਰਦਿਆਂ ਐਨਐਚਏਆਈ ਨੇ ਸੰਪਰਕ ਸੜਕਾਂ ਦੇ ਕੰਮ ‘ਚ ਤੇਜ਼ੀ ਲਿਆਉਣ ਲਈ ਮਜ਼ਬੂਤ ਤਾਲਮੇਲ ਅਤੇ ਯੋਜਨਾਬੰਦੀ ਦਾ ਭਰੋਸਾ ਦਿੱਤਾ।
ਕੈਬਨਿਟ ਮੰਤਰੀ ਨੇ ਐਸਪੀਐਸ ਹਸਪਤਾਲ ਅਤੇ ਸ਼ੇਰਪੁਰ ਦੇ ਆਲੇ-ਦੁਆਲੇ ਭੀੜ-ਭੜੱਕੇ ਅਤੇ ਟੈਰਫਿਕ ਜਾਮ ਵੱਲ ਧਿਆਨ ਖਿੱਚਦਿਆਂ ਕਿਹਾ ਕਿ ਅਧੂਰੇ ਕੰਮ ਰੋਜ਼ਾਨਾ ਦੀ ਆਵਾਜਾਈ ਵਿੱਚ ਰੁਕਾਵਟਾਂ ਅਤੇ ਨਿਵਾਸੀਆਂ ਲਈ ਅਸੁਵਿਧਾ ਦਾ ਕਾਰਨ ਬਣ ਰਹੇ ਹਨ, ਜਿਸ ‘ਤੇ ਐਨਐਚਏਆਈ ਚੇਅਰਮੈਨ ਨੇ ਭੀੜ-ਭੜੱਕੇ ਅਤੇ ਟਰੈਫਿਕ ਜਾਮ ਦੀ ਸਮੱਸਿਆ ਦੇ ਹੱਲ ਲਈ ਰਹਿੰਦੇ ਕੰਮਾਂ ਨੂੰ ਤੇਜ਼ ਨਾਲ ਪੂਰਾ ਕਰਨ ਦੀ ਵਚਨਬੱਧ ਪ੍ਰਗਟਾਈ।
ਇਸ ਦੇ ਨਾਲ ਹੀ ਸਿੱਧਵਾਂ ਦੇ ਵੱਖ-ਵੱਖ ਪੁਲਾਂ ਕੇ ਕੰਮ ‘ਤੇ ਵੀ ਵਿਸਥਾਰਤ ਚਰਚਾ ਕੀਤੀ, ਜਿਸ ਦੌਰਾਨ ਦੋਹਾਂ ਧਿਰਾਂ ਨੇ ਲੁਧਿਆਣਾ ਦੇ ਸਥਾਨਕ ਭਾਈਚਾਰਿਆਂ ਲਈ ਢਾਂਚਾਗਤ ਸੁਰੱਖਿਆ ਅਤੇ ਨਿਰਵਿਘਨ ਸੜਕੀ ਸੰਪਰਕ ਨੂੰ ਯਕੀਨੀ ਬਣਾਉਣ ਲਈ ਰਹਿੰਦੇ ਕੰਮਾਂ ਨੂੰ ਤੁਰੰਤ ਪੂਰਾ ਕਰਨ ਦੀ ਅਪੀਲ ਕੀਤੀ ਗਈ।
ਕੈਬਨਿਟ ਮੰਤਰੀ ਅਰੋੜਾ ਨੇ ਪੰਜਾਬ ਭਰ ‘ਚ ਐਨਐਚਏਆਈ ਹਾਈਵੇਅ ਦੇ ਨਿਯਮਤ ਰੱਖ-ਰਖਾਅ ਵਿੱਚ ਸੁਧਾਰ ਦੀ ਲੋੜ ‘ਤੇ ਵੀ ਜ਼ੋਰ ਦਿੱਤਾ, ਜਿਸ ‘ਚ ਰਾਤ ਦੇ ਸਮੇਂ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੜਕੀ ਸਤਹਾਂ ਦੀ ਅਤੇ ਸਟਰੀਟ ਲਾਈਟਾਂ ਦੀ ਤੁਰੰਤ ਮੁਰੰਮਤ ਅਤੇ ਰੱਖ-ਰਖਾਅ ਸ਼ਾਮਲ ਹੈ।
ਐਨਐਚਏਆਈ ਦੇ ਚੇਅਰਮੈਨ ਨੇ ਸਪੱਸ਼ਟ ਭਰੋਸਾ ਦਿੱਤਾ ਕਿ ਕੈਬਨਿਟ ਮੰਤਰੀ ਅਰੋੜਾ ਦੁਆਰਾ ਉਠਾਏ ਸਾਰੇ ਮੁੱਦਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਸਬੰਧਤ ਖੇਤਰੀ ਅਧਿਕਾਰੀਆਂ ਨੂੰ ਬਿਨਾਂ ਦੇਰੀ ਦੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਅਤੇ ਪੰਜਾਬ ਦੇ ਵਿਕਾਸ ਅਤੇ ਸੜਕੀ ਸੰਪਰਕ ਲਈ ਕੈਬਨਿਟ ਮੰਤਰੀ ਅਰੋੜੀ ਦੀ ਸਰਗਰਮ ਸ਼ਮੂਲੀਅਤ ਅਤੇ ਵਚਨਬੱਧਤਾ ਦੀ ਸ਼ਲਾਘਾ ਕੀਤੀ।
Read More: ਸੀ.ਐਮ. ਫਲਾਇੰਗ ਸਕੁਐਡ ਨੇ ਹਿਆਣਾ ਖੁਰਦ-ਮੰਡੌਰ ਅਜਨੌਦਾ ਸੜਕ ਦੇ ਸੈਂਪਲ ਭਰੇ




