ਨਵਜੰਮੀ

ਜਣੇਪੇ ਤੋਂ ਬਾਅਦ ਨਵਜੰਮੀ ਧੀ ਦੀ ਹੋਈ ਮੌਤ, ਡਿਪ੍ਰੈਸ਼ਨ ‘ਚ ਮਾਂ ਨੇ ਵੀ ਕੀਤੀ ਖੁਦਕੁਸ਼ੀ

ਮਾਛੀਵਾੜਾ ਸਾਹਿਬ, 9 ਮਈ, 2023: ਮਾਛੀਵਾੜਾ ਸਾਹਿਬ ਦੇ ਨੇੜੇ ਪੈਂਦੇ ਪਿੰਡ ਮੰਡ ਜੋਧਵਾਲ ਵਿਖੇ ਬੀਤੀ ਰਾਤ ਵਿਆਹੁਤਾ ਪ੍ਰਵੀਨ ਕੌਰ (25) ਨੇ ਆਪਣੇ ਸਹੁਰੇ ਘਰ ਵਿਚ ਹੀ ਗਲ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਲੜਕੀ ਦੀ ਮਾਤਾ ਰੇਸ਼ਮ ਕੌਰ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ, ਉਨ੍ਹਾਂ ਨੇ ਕਿਹਾ ਕਿ ਉਸਦੀ ਧੀ ਦਾ ਵਿਆਹ 2018 ਵਿੱਚ ਪਲਵਿੰਦਰ ਸਿੰਘ ਵਾਸੀ ਮੰਡ ਜੋਧਵਾਲ ਨਾਲ ਹੋਇਆ ਸੀ।

ਉਸਦੀ ਧੀ ਦੀ ਕੁੱਖੋਂ ਪਹਿਲਾਂ 2 ਧੀਆਂ ਨੇ ਜਨਮ ਲਿਆ ਅਤੇ ਕਰੀਬ ਡੇਢ ਮਹੀਨਾ ਪਹਿਲਾਂ ਹੀ ਤੀਜੀ ਲੜਕੀ ਵੱਡੇ ਆਪ੍ਰੇਸ਼ਨ ਨਾਲ ਪੈਦਾ ਹੋਈ ਸੀ, ਜਿਸ ਦੀ ਕਿ 14 ਦਿਨ ਬਾਅਦ ਮੌਤ ਹੋ ਗਈ। ਆਪਣੀ ਨਵਜੰਮੀ ਧੀ ਦੀ ਮੌਤ ਤੋਂ ਬਾਅਦ ਪ੍ਰਵੀਨ ਕੌਰ ਡਿਪ੍ਰੈਸ਼ਨ ਵਿਚ ਰਹਿਣ ਲੱਗ ਪਈ ਸੀ। ਕੱਲ੍ਹ 8 ਮਈ ਨੂੰ ਉਸਦਾ ਪਤੀ ਪਲਵਿੰਦਰ ਸਿੰਘ ਅਤੇ ਸਹੁਰਾ ਭਜਨ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ’ਤੇ ਚਲੇ ਗਏ | ਜਿਸ ਕਾਰਨ ਪ੍ਰਵੀਨ ਕੌਰ ਆਪਣੇ ਘਰ ਵਿਚ ਇਕੱਲੀ ਸੀ।

ਸ਼ਾਮ ਨੂੰ ਪ੍ਰਵੀਨ ਕੌਰ ਨੇ ਆਪਣੇ ਘਰ ਦੇ ਮਕਾਨ ਦੀ ਛੱਤ ਦੇ ਗਾਡਰ ਨਾਲ ਚੁੰਨੀ ਬੰਨ੍ਹ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਪ੍ਰਵੀਨ ਕੌਰ ਦੀ ਮਾਤਾ ਅਨੁਸਾਰ ਇਸ ਵਿਚ ਉਸਦੀ ਧੀ ਦੇ ਸਹੁਰੇ ਪਰਿਵਾਰ ਦਾ ਕੋਈ ਕਸੂਰ ਨਹੀਂ ਬਲਕਿ ਡਿਪ੍ਰੈਸ਼ਨ ਵਿਚ ਰਹਿਣ ਕਾਰਨ ਉਸਨੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ਦੀ ਬਾਰੇ ਵਰਿਆਮ ਸਿੰਘ ਡੀ ਐਸ ਪੀ ਸਮਰਾਲਾ ਨੇ ਦੱਸਿਆ ਕਿ ਮ੍ਰਿਤਕ ਵਿਆਹੁਤਾ ਦੀ ਮਾਤਾ ਵਲੋਂ ਦਿੱਤੇ ਬਿਆਨਾਂ ਦੇ ਅਧਾਰ ’ਤੇ ਧਾਰਾ-174 ਤਹਿਤ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅਤੇ ਲਾਸ਼ ਨੂੰ ਕਬਜ਼ੇ ’ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ।

Scroll to Top