ਨਿਊਜ਼ੀਲੈਂਡ, 03 ਜੂਨ 2025: ਨਿਊਜ਼ੀਲੈਂਡ ਦੀ ਮਹਿਲਾ ਸੰਸਦ ਮੈਂਬਰ ਲੌਰਾ ਮੈਕਲਰ (MP Laura Mackler) ਨੇ ਸੰਸਦ ‘ਚ ਆਪਣੀ ਇੱਕ ਏਆਈ-ਜਨਰੇਟਿਡ ਨਗਨ ਤਸਵੀਰ ਦਿਖਾਈ। ਮੈਕਲਰ ਦਾ ਉਦੇਸ਼ ਲੋਕਾਂ ਨੂੰ ਇਹ ਦੱਸਣਾ ਸੀ ਕਿ ਅਜਿਹੀਆਂ ਨਕਲੀ ਤਸਵੀਰਾਂ ਬਣਾਉਣਾ ਕਿੰਨਾ ਆਸਾਨ ਹੈ ਅਤੇ ਇਹ ਕਿੰਨਾ ਖਤਰਨਾਕ ਹੋ ਸਕਦਾ ਹੈ।
ਲੌਰਾ ਨੇ ਸੰਸਦ ‘ਚ ਕਿਹਾ ਕਿ ਉਨ੍ਹਾਂ ਨੇ ਗੂਗਲ ਸਰਚ ਰਾਹੀਂ ਮਿਲੀ ਇੱਕ ਵੈਬਸਾਈਟ ਦੀ ਵਰਤੋਂ ਕਰਕੇ ਕੁਝ ਮਿੰਟਾਂ ‘ਚ ਆਪਣੀ ਡੀਪਫੇਕ ਤਸਵੀਰ ਬਣਾਈ। ਉਨ੍ਹਾਂ ਨੇ ਡੀਪਫੇਕ ਅਤੇ ਏਆਈ ਨੂੰ ਕੰਟਰੋਲ ਕਰਨ ਲਈ ਕਾਨੂੰਨ ਦੀ ਮੰਗ ਕੀਤੀ ਹੈ। ਉਨ੍ਹਾਂ ਇੱਕ ਤਸਵੀਰ ਦਿਖਾਈ ਅਤੇ ਕਿਹਾ ਕਿ ਇਹ ਮੇਰੀ ਨਗਨ ਤਸਵੀਰ ਹੈ, ਪਰ ਇਹ ਅਸਲੀ ਨਹੀਂ ਹੈ। ਅਜਿਹੀਆਂ ਡੀਪਫੇਕ ਤਸਵੀਰਾਂ ਬਣਾਉਣ ‘ਚ ਮੈਨੂੰ ਪੰਜ ਮਿੰਟ ਤੋਂ ਵੀ ਘੱਟ ਸਮਾਂ ਲੱਗਿਆ।
ਲੌਰਾ ਨੇ ਇਹ ਗੱਲਾਂ 14 ਮਈ ਨੂੰ ਕਹੀਆਂ, ਜੋ ਹੁਣ ਵਾਇਰਲ ਹੋ ਰਹੀਆਂ ਹਨ। ਲੌਰਾ ਨੇ ਕਿਹਾ, “ਸਮੱਸਿਆ ਤਕਨਾਲੋਜੀ ‘ਚ ਨਹੀਂ ਹੈ, ਸਗੋਂ ਇਸਦੀ ਦੁਰਵਰਤੋਂ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਨ ‘ਚ ਹੈ। ਸਾਨੂੰ ਇਸਦਾ ਹੱਲ ਲੱਭਣਾ ਪਵੇਗਾ।”
ਨਿਊਜ਼ੀਲੈਂਡ ‘ਚ ਡੀਪਫੇਕ ਨੂੰ ਸਿੱਧੇ ਤੌਰ ‘ਤੇ ਨਿਯਮਤ ਕਰਨ ਲਈ ਕੋਈ ਕਾਨੂੰਨ ਨਹੀਂ ਹੈ, ਹਾਲਾਂਕਿ ਡਿਜੀਟਲ ਸੰਚਾਰ ਨਾਲ ਸਬੰਧਤ ਕੁਝ ਨਿਯਮ ਹਨ। ਲੌਰਾ ਡੀਪਫੇਕ ਡਿਜੀਟਲ ਨੁਕਸਾਨ ਅਤੇ ਸ਼ੋਸ਼ਣ ਬਿੱਲ ਦਾ ਸਮਰਥਨ ਕਰ ਰਹੀ ਹੈ |
ਇਸ ਦੇ ਤਹਿਤ, ਸਹਿਮਤੀ ਤੋਂ ਬਿਨਾਂ ਡੀਪਫੇਕ ਬਣਾਉਣਾ ਜਾਂ ਸਾਂਝਾ ਕਰਨਾ ਅਪਰਾਧ ਹੋਵੇਗਾ। ਨਿਊਜ਼ੀਲੈਂਡ ਦੇ ਮਾਹਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਡੀਪਫੇਕ ਪੋਰਨ ਬਿਨਾਂ ਸਹਿਮਤੀ ਦੇ ਬਣਾਏ ਜਾਂਦੇ ਹਨ ਅਤੇ ਉਨ੍ਹਾਂ ‘ਚੋਂ ਜ਼ਿਆਦਾਤਰ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।
ਲੌਰਾ (MP Laura Mackler) ਨੂੰ ਉਮੀਦ ਹੈ ਕਿ ਉਸਦੇ ਇਸ ਕਦਮ ਨਾਲ ਕਾਨੂੰਨੀ ਸੁਧਾਰਾਂ ‘ਚ ਤੇਜ਼ੀ ਆਵੇਗੀ। ਲੌਰਾ ਨੇ ਕਿਹਾ, “ਕਿਸੇ ਨੂੰ ਵੀ ਸਹਿਮਤੀ ਤੋਂ ਬਿਨਾਂ ਡੀਪਫੇਕ ਪੋਰਨ ਦਾ ਨਿਸ਼ਾਨਾ ਨਹੀਂ ਬਣਨਾ ਚਾਹੀਦਾ। ਇਹ ਸਪੱਸ਼ਟ ਤੌਰ ‘ਤੇ ਪਰੇਸ਼ਾਨੀ ਹੈ। ਸਾਡੇ ਕਾਨੂੰਨਾਂ ਨੂੰ ਛੇਤੀ ਅਪਡੇਟ ਕਰਨ ਦੀ ਲੋੜ ਹੈ।”
Read More: ਡੋਨਾਲਡ ਟਰੰਪ ਦੇ ਦਾਅਵੇ ‘ਤੇ ਸ਼ਸ਼ੀ ਥਰੂਰ ਦਾ ਜਵਾਬ, “ਸਾਨੂੰ ਕਿਸੇ ਨੂੰ ਮਨਾਉਣ ਦੀ ਜ਼ਰੂਰਤ ਨਹੀਂ”