ਹਰਿਆਣਾ, 23 ਅਕਤੂਬਰ 2025: ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਜਨਤਾ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸ ਸਬੰਧ ‘ਚ ਇਹ ਯਕੀਨੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ ਕਿ ਹਰਿਆਣਾ ਦੇ ਕਿਸੇ ਵੀ ਸਰਕਾਰੀ ਹਸਪਤਾਲ ਜਾਂ ਸਿਹਤ ਸੰਸਥਾ ਵਿੱਚ ਡਾਕਟਰੀ ਉਪਕਰਣਾਂ ਅਤੇ ਮਸ਼ੀਨਰੀ ਦੀ ਕੋਈ ਕਮੀ ਨਾ ਹੋਵੇ।
ਸਿਹਤ ਮੰਤਰੀ ਨੇ ਕਿਹਾ ਕਿ ਲੋੜ ਮੁਤਾਬਕ ਨਵੇਂ ਉਪਕਰਣ ਅਤੇ ਆਧੁਨਿਕ ਮਸ਼ੀਨਾਂ ਖਰੀਦੀਆਂ ਜਾ ਰਹੀਆਂ ਹਨ ਅਤੇ ਸਮੇਂ-ਸਮੇਂ ‘ਤੇ ਸੰਸਥਾਵਾਂ ਨੂੰ ਪਹੁੰਚਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹਾਲ ਹੀ ‘ਚ ਹਰਿਆਣਾ ਦੇ ਛੇ ਜ਼ਿਲ੍ਹਿਆਂ ਜਿਨ੍ਹਾਂ ‘ਚ ਪੰਚਕੂਲਾ, ਨਾਰਨੌਲ, ਪਾਣੀਪਤ, ਰੇਵਾੜੀ, ਸੋਨੀਪਤ ਅਤੇ ਗੁਰੂਗ੍ਰਾਮ ਦੇ ਸਰਕਾਰੀ ਹਸਪਤਾਲਾਂ ‘ਚ ਨਵੀਆਂ ਅਲਟਰਾਸਾਊਂਡ ਮਸ਼ੀਨਾਂ ਪਹੁੰਚਾਈਆਂ ਹਨ। ਇਨ੍ਹਾਂ ਮਸ਼ੀਨਾਂ ਦੀ ਸਥਾਪਨਾ ਪੂਰੀ ਹੋਣ ਤੋਂ ਬਾਅਦ ਮਰੀਜ਼ਾਂ ਦੀ ਜਾਂਚ ਜਲਦੀ ਹੀ ਸ਼ੁਰੂ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਹਰਿਆਣਾ ਮੈਡੀਕਲ ਸਰਵਿਸਿਜ਼ ਕਾਰਪੋਰੇਸ਼ਨ ਲਿਮਟਿਡ (HMSCL) ਰਾਹੀਂ ਕਈ ਜ਼ਰੂਰੀ ਦਵਾਈਆਂ, ਮੈਡੀਕਲ ਉਪਕਰਣਾਂ ਅਤੇ ਮਸ਼ੀਨਰੀ ਦੀ ਖਰੀਦ ਲਈ ਦਰਾਂ ਨੂੰ ਹਾਲ ਹੀ ‘ਚ ਅੰਤਿਮ ਰੂਪ ਦਿੱਤਾ ਹੈ। ਹੁਣ, ਇਸ ਪਹਿਲਕਦਮੀ ਤਹਿਤ, ਸੂਬੇ ਭਰ ਦੇ ਵੱਖ-ਵੱਖ ਮੈਡੀਕਲ ਸੰਸਥਾਵਾਂ ‘ਚ ਉਪਕਰਣਾਂ ਦੀ ਸਪਲਾਈ ਸ਼ੁਰੂ ਹੋ ਗਈ ਹੈ।
ਆਰਤੀ ਸਿੰਘ ਰਾਓ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਸੂਬੇ ਦੇ ਹਰੇਕ ਨਾਗਰਿਕ ਨੂੰ ਗੁਣਵੱਤਾ ਵਾਲੀਆਂ, ਕਿਫਾਇਤੀ ਅਤੇ ਪਹੁੰਚਯੋਗ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨਾ ਹੈ। ਇਸ ਲਈ, ਸਿਹਤ ਵਿਭਾਗ ਦੇ ਸਾਰੇ ਪੱਧਰਾਂ ‘ਤੇ ਲੋੜੀਂਦੇ ਸਰੋਤਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਮਸ਼ੀਨਾਂ ਦੀ ਸ਼ੁਰੂਆਤ ਟੈਸਟਿੰਗ ਪ੍ਰਕਿਰਿਆ ਨੂੰ ਵਧੇਰੇ ਸਟੀਕ ਅਤੇ ਤੇਜ਼ ਬਣਾਏਗੀ, ਜਿਸ ਨਾਲ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮਿਲ ਸਕੇਗਾ।
Read More: ਹਰਿਆਣਾ ‘ਚ ਹਸਪਤਾਲਾਂ ਨੂੰ ਲੋੜ ਮੁਤਾਬਕ ਕੀਤਾ ਜਾਵੇਗਾ ਅਪਗ੍ਰੇਡ: ਆਰਤੀ ਸਿੰਘ ਰਾਓ