ਚੰਡੀਗੜ੍ਹ, 16 ਮਾਰਚ 2026: ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸੂਬੇ ਦੇ ਆਂਗਣਵਾੜੀ ਸੈਂਟਰਾਂ ‘ਚ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ।
ਇਸ ਸਬੰਧੀ ਕੈਬਿਨਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੇਂਡੂ ਖੇਤਰਾਂ ਦੇ 2162 ਆਂਗਣਵਾੜੀ ਸੈਂਟਰਾਂ ‘ਚ ਬੱਚਿਆਂ ਲਈ ਨਵੇਂ ਟਾਇਲਟ ਬਣਾਏ ਜਾਣਗੇ, ਜਿਨ੍ਹਾਂ ’ਤੇ ਲਗਭੱਗ 7.78 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਹਰ ਟਾਇਲਟ ਦੇ ਨਿਰਮਾਣ ’ਤੇ ਕਰੀਬ 36 ਹਜ਼ਾਰ ਰੁਪਏ ਖਰਚੇ ਜਾਣਗੇ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਆਂਗਣਵਾੜੀ ਸੈਂਟਰਾਂ ‘ਚ ਬਣਾਏ ਜਾਣ ਵਾਲੇ ਟਾਇਲਟਾਂ ਲਈ ਜਲਦ ਹੀ ਜ਼ਿਲ੍ਹਿਆਂ ਨੂੰ ਫੰਡ ਜਾਰੀ ਕਰ ਦਿੱਤੇ ਜਾਣਗੇ, ਤਾਂ ਜੋ ਨਿਰਮਾਣ ਕਾਰਜ ਸਮੇਂ ਸਿਰ ਸ਼ੁਰੂ ਕੀਤਾ ਜਾ ਸਕੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਟਾਇਲਟ ਬੱਚਿਆਂ ਦੀ ਸਿਹਤ, ਸੁਰੱਖਿਆ ਅਤੇ ਸਫ਼ਾਈ ਨੂੰ ਧਿਆਨ ‘ਚ ਰੱਖਦਿਆਂ ਬਣਾਏ ਜਾਣਗੇ, ਜਿਸ ਨਾਲ ਆਂਗਣਵਾੜੀ ਸੈਂਟਰਾਂ ‘ਚ ਆਉਣ ਵਾਲੇ ਨੰਨੇ ਮੁੰਨੇ ਬੱਚਿਆਂ ਨੂੰ ਬਿਹਤਰ ਸੁਵਿਧਾਵਾਂ ਮਿਲਣਗੀਆਂ ਅਤੇ ਉਨ੍ਹਾਂ ਲਈ ਸਾਫ਼-ਸੁਥਰਾ ਮਾਹੌਲ ਤਿਆਰ ਹੋਵੇਗਾ।
ਡਾ. ਬਲਜੀਤ ਕੌਰ ਨੇ ਕਿਹਾ ਕਿ ਆਂਗਣਵਾੜੀ ਸੈਂਟਰ ਨੰਨੇ ਬੱਚਿਆਂ ਦੀ ਦੇਖਭਾਲ ਅਤੇ ਸ਼ੁਰੂਆਤੀ ਸਿੱਖਿਆ ਦਾ ਪਹਿਲਾ ਪੜਾਅ ਹੁੰਦੇ ਹਨ। ਬੱਚਿਆਂ ਨੂੰ ਸੁਰੱਖਿਅਤ, ਸਾਫ਼-ਸੁਥਰਾ ਅਤੇ ਸਿਹਤਮੰਦ ਮਾਹੌਲ ਮੁਹੱਈਆ ਕਰਵਾਉਣਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ।
ਉਨ੍ਹਾਂ ਕਿਹਾ ਕਿ ਟਾਇਲਟਾਂ ਦੀਆਂ ਬਿਹਤਰ ਸੁਵਿਧਾਵਾਂ ਨਾਲ ਨਾ ਸਿਰਫ਼ ਬੱਚਿਆਂ ਦੀ ਸਿਹਤ ਦੀ ਰੱਖਿਆ ਹੋਵੇਗੀ, ਸਗੋਂ ਮਾਪਿਆਂ ਦਾ ਭਰੋਸਾ ਵੀ ਆਂਗਣਵਾੜੀ ਸੈਂਟਰਾਂ ’ਤੇ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਹੋਰ ਦੱਸਿਆ ਕਿ ਪੇਂਡੂ ਖੇਤਰਾਂ ‘ਚ ਇਨ੍ਹਾਂ ਟਾਇਲਟਾਂ ਦਾ ਨਿਰਮਾਣ ਕਾਰਜ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਰਾਹੀਂ ਕਰਵਾਇਆ ਜਾਵੇਗਾ |
Read More: ਭਾਜਪਾ ਪੰਜਾਬ ‘ਚ ਇਕੱਲੇ ਚੋਣ ਲੜਨ ਲਈ 117 ਉਮੀਦਵਾਰ ਕਿੱਥੋਂ ਲਿਆਏਗੀ: CM ਭਗਵੰਤ ਸਿੰਘ ਮਾਨ




