New Digital Personal Data Protection Bill

ਨਵਾਂ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਬਿੱਲ ਜਲਦ ਸੰਸਦ ‘ਚ ਕੀਤਾ ਜਾਵੇਗਾ ਪੇਸ਼: ਰਾਜੀਵ ਚੰਦਰਸ਼ੇਖਰ

ਚੰਡੀਗੜ੍ਹ, 09 ਜੂਨ 2023: ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਅੱਜ ਭਾਰਤ ਵਿੱਚ ਡਿਜੀਟਲ ਅਰਥਵਿਵਸਥਾ ਦੇ ਵਿਕਾਸ ‘ਤੇ ਗੱਲਬਾਤ ਕਰਦਿਆਂ ਅਹਿਮ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ 2014-15 ਵਿੱਚ ਅਰਥਵਿਵਸਥਾ ਵਿੱਚ ਡਿਜੀਟਲ ਅਰਥਚਾਰੇ ਦੀ ਹਿੱਸੇਦਾਰੀ 3.5 ਫੀਸਦੀ ਸੀ, ਜੋ ਅੱਜ ਵਧ ਕੇ 10 ਫੀਸਦੀ ਹੋ ਗਈ ਹੈ। ਉਨ੍ਹਾਂ ਕਿਹਾ ਕਿ 2025-26 ਤੱਕ ਇਸ ਦੇ 20 ਫੀਸਦੀ ਤੱਕ ਵਧਣ ਦੀ ਉਮੀਦ ਹੈ। ਇਸ ਦੇ ਨਾਲ ਹੀ ਚੰਦਰਸ਼ੇਖਰ ਨੇ ਕਿਹਾ ਕਿ ਸਾਡਾ ਟੀਚਾ 2025-26 ਤੱਕ 1 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨਾ ਹੈ।

ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਡਿਜੀਟਲ ਇੰਡੀਆ ਬਿੱਲ ‘ਤੇ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਇਸ ਮਹੀਨੇ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਨਵਾਂ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਬਿੱਲ (New Digital Personal Data Protection Bill) ਬਹੁਤ ਜਲਦੀ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ 2019 ਵਿੱਚ ਸਰਕਾਰ ਨੇ ਬਿੱਲ (ਪਰਸਨਲ ਡੇਟਾ ਪ੍ਰੋਟੈਕਸ਼ਨ ਬਿੱਲ) ਪੇਸ਼ ਕੀਤਾ ਸੀ। ਸੰਸਦ ਦੀ ਸਾਂਝੀ ਕਮੇਟੀ ਨੇ ਇਸ ‘ਤੇ ਸਬੰਧਤ ਧਿਰਾਂ ਨਾਲ ਕਾਫੀ ਚਰਚਾ ਕੀਤੀ। ਬਾਅਦ ਵਿੱਚ ਸਰਕਾਰ ਨੇ ਇਹ ਬਿੱਲ ਵਾਪਸ ਲੈ ਲਿਆ ਸੀ। ਹੁਣ ਸਰਕਾਰ ਇਸ ਬਿੱਲ ਦਾ ਫਾਰਮੈਟ ਨਵੀਆਂ ਲੋੜਾਂ ਮੁਤਾਬਕ ਬਦਲ ਕੇ ਲਿਆ ਰਹੀ ਹੈ। ਇਸ ਬਿੱਲ ਵਿੱਚ ਡਿਜੀਟਲ ਸ਼ਬਦ ਵੀ ਜੋੜਿਆ ਗਿਆ ਹੈ।

ਇਸ ਦੇ ਨਾਲ ਹੀ ਰਾਜੀਵ ਚੰਦਰਸ਼ੇਖਰ ਨੇ ਚਿੰਤਾ ਜ਼ਾਹਰ ਕੀਤੀ ਕਿ ਇੰਟਰਨੈੱਟ ‘ਚ ਜ਼ਹਿਰੀਲਾਪਣ ਅਤੇ ਅਪਰਾਧਿਕਤਾ ਬਹੁਤ ਵਧ ਗਈ ਹੈ ਅਤੇ ਕੇਂਦਰ ਸਰਕਾਰ ਇਸ ਨੂੰ ਲੈ ਕੇ ਚਿੰਤਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਉਹ ਡਿਜੀਟਲ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ।

ਕੇਂਦਰੀ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਵਿੱਚ 85 ਕਰੋੜ ਲੋਕ ਇੰਟਰਨੈੱਟ ਦੀ ਵਰਤੋਂ ਕਰਦੇ ਹਨ। 2025-26 ਤੱਕ ਇਹ ਵਧ ਕੇ 120 ਕਰੋੜ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸਾਈਬਰ ਅਪਰਾਧ ਵੀ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਰਾਜਾਂ ਦਾ ਵਿਸ਼ਾ ਹੈ ਅਤੇ ਸੂਬਿਆਂ ਨੂੰ ਇਸ ‘ਤੇ ਸਖ਼ਤੀ ਨਾਲ ਕੰਮ ਕਰਨਾ ਹੋਵੇਗਾ।

Scroll to Top