June 30, 2024 10:13 pm
NeVA

ਨੇਵਾ ਤਕਨੀਕ ਨਾਲ ਵਿਧਾਨਿਕ ਪ੍ਰਕਿਰਿਆਵਾਂ ਆਮ ਲੋਕਾਂ ਤੱਕ ਅਸਾਨੀ ਨਾਲ ਪਹੁੰਚਣਗੀਆਂ: ਕੁਲਤਾਰ ਸਿੰਘ ਸੰਧਵਾਂ

ਚੰਡੀਗੜ੍ਹ, 22 ਸਤੰਬਰ 2023: ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਦੀ ਵਰਤੋਂ ਨਾਲ ਵਿਧਾਨਿਕ ਪ੍ਰਕਿਰਿਆਵਾਂ ਆਮ ਲੋਕਾਂ ਤੱਕ ਅਸਾਨੀ ਨਾਲ ਪਹੁੰਚਣਗੀਆਂ ਅਤੇ ਸਦਨ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਨ ਲੋਕਤੰਤਰੀ ਪ੍ਰਕਿਰਿਆਵਾਂ ਵਿੱਚ ਜਵਾਬਦੇਹੀ ਅਤੇ ਵਿਸ਼ਵਾਸ ਨੂੰ ਉਤਸ਼ਾਹਿਤ ਕਰੇਗਾ। ਇਹ ਜਾਣਕਾਰੀ ਦਿੰਦਿਆਂ ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਵਿਖੇ ਚੱਲ ਰਹੀ ਦੋ ਦਿਨਾਂ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ (NeVA) ਦੇ ਅੱਜ ਆਖ਼ਰੀ ਦਿਨ ਪੰਜਾਬ ਵਿਧਾਨ ਸਭਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਵੀਂ ਡਿਜੀਟਲ ਤਕਨੀਕ ਦੀ ਵਰਤੋਂ ਸਬੰਧੀ ਪੰਜ ਵੱਖ-ਵੱਖ ਸੈਸ਼ਨਾਂ ਰਾਹੀਂ ਵਿਸਥਾਰ ‘ਚ ਜਾਣਕਾਰੀ ਦਿੱਤੀ ਗਈ।

ਸ. ਸੰਧਵਾਂ ਨੇ ਦੱਸਿਆ ਕਿ ਇਸ ਸਿਖਲਾਈ ਦੌਰਾਨ ਪੰਜਾਬ ਵਿਧਾਨ ਸਭਾ ਦੇ ਨੋਟਿਸ ਆਫਿਸ, ਨੋਟਿਸ ਸੈਕਸ਼ਨ ਅਤੇ ਡਿਜੀਟਲ ਕਾਰਜ-ਸੂਚੀ, ਪ੍ਰਸ਼ਨ ਸ਼ਾਖਾ ਅਤੇ ਅਨੁਵਾਦ ਸ਼ਾਖਾ, ਵਿਧਾਨ ਸਭਾ ਦੀਆਂ ਕਮੇਟੀਆਂ ਦੇ ਆਨਲਾਈਨ ਹਾਊਸ ਕਮੇਟੀ ਮੌਡੀਊਲ ਆਦਿ ਨਾਲ ਸਬੰਧਤ ਕੰਮ ਕਾਜ ਨਵੀਂ ਤਕਨੀਕ ਨਾਲ ਕਰਨ ਬਾਰੇ ਵਿਸਥਾਰ ‘ਚ ਵਿਹਾਰਕ ਸਿਖਲਾਈ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਨਵੀਂ ਤਕਨੀਕ ਤਹਿਤ ਪ੍ਰਸ਼ਨਾਂ ਦੇ ਉੱਤਰ, ਨੋਟਿਸਾਂ ਦੇ ਜਵਾਬ, ਬਿਲ, ਮੇਜ਼ ‘ਤੇ ਰੱਖੇ ਜਾਣ ਵਾਲੇ ਕਾਗਜ਼ ਪੱਤਰ ਅਤੇ ਸਦਨ ਦੀਆਂ ਕਮੇਟੀਆਂ ਦੇ ਜਵਾਬਾਂ ਤੋਂ ਇਲਾਵਾ ਲੰਬਿਤ ਰਿਪੋਰਟਾਂ, ਆਨਲਾਈਨ ਏਜੰਡੇ ਅਤੇ ਦਸਤਾਵੇਜ਼ ਆਦਿ ਸਮੁੱਚਾ ਕਾਰਜ ਡਿਜੀਟਲ ਤਰੀਕੇ ਨਾਲ ਕਰਨ ਬਾਰੇ ਵੀ ਸਿਖਲਾਈ ਦਿੱਤੀ ਗਈ।

ਸ. ਸੰਧਵਾਂ ਨੇ ਦੱਸਿਆ ਕਿ ਨੇਵਾ (NeVA) ਜਿੱਥੇ ਵਿਧਾਨਿਕ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਂਦਾ ਹੈ, ਉੱਥੇ ਹੀ ਕਾਗਜ਼ੀ ਕਾਰਵਾਈ ਨੂੰ ਘਟਾਉਂਦਾ ਹੈ ਅਤੇ ਕਈ ਕੰਮਾਂ ਨੂੰ ਸਵੈ-ਚਾਲਿਤ ਕਰਦਾ ਹੈ। ਇਹ ਕਾਨੂੰਨ ਨਿਰਮਾਤਾਵਾਂ ਨੂੰ ਡਿਜੀਟਲ ਰੂਪ ਵਿੱਚ ਦਸਤਾਵੇਜ਼ ਪਹੁੰਚਾਉਂਦਾ ਹੈ, ਇਨ੍ਹਾਂ ਦਾ ਪ੍ਰਬੰਧ ਕਰਨ ਦੇ ਯੋਗ ਬਣਾਉਂਦਾ ਹੈ, ਸਮਾਂ ਬਚਾਉਂਦਾ ਹੈ ਅਤੇ ਸਮੁੱਚੇ ਤੌਰ ‘ਤੇ ਸਮਰੱਥਾ ਵਿੱਚ ਵਾਧਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਨੇਵਾ ਭੌਤਿਕ ਦਸਤਾਵੇਜ਼ਾਂ ਦੀ ਪ੍ਰਿਟਿੰਗ, ਵੰਡ ਅਤੇ ਸਟੇਰੇਜ਼ ਨਾਲ ਸਬੰਧਤ ਲਾਗਤ ਨੂੰ ਘਟਾਉਂਦਾ ਹੈ, ਜੋ ਕਿ ਵਾਤਾਵਰਣ ਅਨਕੂਲਤਾ ‘ਚ ਇੱਕ ਕਾਰਗਰ ਕਦਮ ਹੈ।

ਸਪੀਕਰ ਨੇ ਅੱਗੇ ਦੱਸਿਆ ਕਿ ਨੇਵਾ ਵਿਧਾਇਕਾਂ ਵਿਚਕਾਰ ਨਿਰੰਤਰ ਸਹਿਯੋਗ ਨੂੰ ਸੌਖਾ ਕਰਕੇ ਦਸਤਾਵੇਜ਼ ਇੱਕਤਰ ਕਰਨ, ਵਿਚਾਰ ਸਾਂਝੇ ਕਰਨ ਅਤੇ ਵਿਧਾਨਿਕ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਵੀ ਕਰਦਾ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਹੁਣ ਡਿਜੀਟਲ ਪੰਜਾਬ ਵਿਧਾਨ ਸਭਾ ਬਣ ਚੁੱਕੀ ਹੈ ਅਤੇ ਹੁਣ ਸਮੁੱਚਾ ਕੰਮ ਕਾਗਜ਼ ਰਹਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਨਵੀਂ ਤਕਨੀਕ ਤਹਿਤ ਈ-ਵਿਧਾਨ ਸਭਾ ਹਲਕਾ ਮੈਨਜਮੈਂਟ ਦੀ ਵਰਤੋਂ ਨਾਲ ਨਾਲ ਸਮੂਹ ਵਿਧਾਇਕ ਆਪਣੇ ਹਲਕਿਆਂ ਦੀਆਂ ਜਾਇਜ਼ ਸਮੱਸਿਆਵਾਂ ਨੂੰ ਤੇਜ਼ੀ ਨਾਲ ਹੱਲ ਕਰਨ ਲਈ ਇੱਕ ਪਲੇਟਫਾਰਮ ਦੇ ਤੌਰ ‘ਤੇ ਵੀ ਵਰਤ ਸਕਣਗੇ।

ਨੇਵਾ ਕਾਨਫਰੰਸ-ਕਮ-ਵਰਕਸ਼ਾਪ ਦੇ ਅੰਤ ਵਿੱਚ ਪੰਜਾਬ ਵਿਧਾਨ ਸਭਾ ਦੇ ਸਕੱਤਰ ਰਾਮ ਲੋਕ ਖਟਾਣਾ ਨੇ ਸਿਖਲਾਈ ਟੀਮ ਦੇ ਮੈਂਬਰਾਂ, ਸੰਸਦੀ ਕਾਜ ਮੰਤਰਾਲਾ ਭਾਰਤ ਸਰਕਾਰ ਦੇ ਅਧੀਨ ਸਕੱਤਰ ਮੁਕੇਸ਼ ਕੁਮਾਰ, ਸੀਨੀਅਰ ਡਾਇਰੈਕਟਰ (ਆਈ.ਟੀ.) ਐਨ.ਆਈ.ਸੀ. ਸੰਜੀਵ ਕੁਮਾਰ, ਸਹਾਇਕ ਡਾਇਰੈਕਟਰ (ਆਈ.ਟੀ.) ਐਨ.ਆਈ.ਸੀ. ਸ੍ਰੀਮਤੀ ਪ੍ਰੀਤੀ ਯਾਦਵ, ਪ੍ਰੋਗਰਾਮ ਮੈਨੇਜਰ ਸਮੀਰ ਵਰਸ਼ਨੇ ਅਤੇ ਸਿਸਟਮ ਐਨਾਲਿਸਟ ਪੰਜਾਬ ਵਿਧਾਨ ਸਭਾ ਸੁਜੀਤ ਕੁਮਾਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ।