ਨੇਪਾਲ, 09 ਸਤੰਬਰ 2025: PM KP Sharma Oli resigns: ਨੇਪਾਲ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੌਰਾਨ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਅਸਤੀਫ਼ਾ ਦੇ ਦਿੱਤਾ ਹੈ। ਮੰਗਲਵਾਰ ਨੂੰ ਰਾਜਧਾਨੀ ਕਾਠਮੰਡੂ ਸਮੇਤ ਨੇਪਾਲ ਦੇ ਵੱਡੇ ਸ਼ਹਿਰਾਂ ‘ਚ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋਏ ਹਨ। ਪ੍ਰਦਰਸ਼ਨਕਾਰੀਆਂ ਨੇ ਸੰਸਦ ਭਵਨ ਵਿੱਚ ਦਾਖਲ ਹੋ ਕੇ ਅੱਗ ਲਗਾਈ ਹੈ।
ਓਲੀ ਤੋਂ ਇਲਾਵਾ ਹੁਣ ਤੱਕ 4 ਮੰਤਰੀ ਅਸਤੀਫ਼ਾ ਦੇ ਚੁੱਕੇ ਹਨ। ਇਨ੍ਹਾਂ ‘ਚ ਗ੍ਰਹਿ ਮੰਤਰੀ ਰਮੇਸ਼ ਲੇਖਕ, ਖੇਤੀਬਾੜੀ ਮੰਤਰੀ ਰਾਮਨਾਥ ਅਧਿਕਾਰੀ, ਸਿਹਤ ਮੰਤਰੀ ਪ੍ਰਦੀਪ ਪੌਡੇਲ ਅਤੇ ਜਲ ਸਪਲਾਈ ਮੰਤਰੀ ਪ੍ਰਦੀਪ ਯਾਦਵ ਸ਼ਾਮਲ ਹਨ।

ਇਸ ਦੌਰਾਨ, ਪ੍ਰਦਰਸ਼ਨਕਾਰੀਆਂ ਨੇ ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ਪ੍ਰਚੰਡ, ਸ਼ੇਰ ਬਹਾਦਰ ਦੇਉਬਾ, ਰਮੇਸ਼ ਲੇਖਕ, ਜਿਨ੍ਹਾਂ ਨੇ ਕੱਲ੍ਹ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਅਤੇ ਸੰਚਾਰ ਮੰਤਰੀ ਪ੍ਰਿਥਵੀ ਸੁੱਬਾ ਗੁਰੂੰਗ ਦੇ ਘਰਾਂ ਨੂੰ ਵੀ ਅੱਗ ਲਗਾ ਦਿੱਤੀ ਹੈ।
ਦੇਸ਼ ‘ਚ ਭ੍ਰਿਸ਼ਟਾਚਾਰ ਅਤੇ ਸੋਸ਼ਲ ਮੀਡੀਆ ‘ਤੇ ਪਾਬੰਦੀ ਵਿਰੁੱਧ ਨੌਜਵਾਨਾਂ ਦਾ ਲਗਾਤਾਰ ਦੂਜੇ ਦਿਨ ਵਿਰੋਧ ਪ੍ਰਦਰਸ਼ਨ ਜਾਰੀ ਹੈ। ਪ੍ਰਬੰਧਕਾਂ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਨੇਪਾਲ ਦੀ ਰਾਜਧਾਨੀ ‘ਚ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਚੌਥਾ ਕਾਠਮੰਡੂ ਕਲਿੰਗਾ ਸਾਹਿਤ ਉਤਸਵ ਮੁਲਤਵੀ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ ਕਾਠਮੰਡੂ ਅਤੇ ਕੁਝ ਹੋਰ ਥਾਵਾਂ ‘ਤੇ ਸੋਸ਼ਲ ਮੀਡੀਆ ਸਾਈਟਾਂ ‘ਤੇ ਸਰਕਾਰੀ ਪਾਬੰਦੀ ਦੇ ਖਿਲਾਫ ਨੌਜਵਾਨਾਂ ਦੇ ਹਿੰਸਕ ਪ੍ਰਦਰਸ਼ਨਾਂ ਵਿੱਚ ਘੱਟੋ-ਘੱਟ 19 ਜਣੇ ਮਾਰੇ ਗਏ ਅਤੇ 300 ਤੋਂ ਵੱਧ ਜ਼ਖਮੀ ਹੋ ਗਏ।
Read More: ਨੇਪਾਲ ਸਰਕਾਰ ਦੇ 3 ਮੰਤਰੀਆਂ ਨੇ ਦਿੱਤਾ ਅਸਤੀਫਾ, ਸੰਚਾਰ ਮੰਤਰੀ ਦੇ ਘਰ ‘ਚ ਭੰਨਤੋੜ




