ਚੰਡੀਗੜ੍ਹ, 09 ਮਾਰਚ 2023: ਰਾਮ ਚੰਦਰ ਪੌਡੇਲ (Ram Chandra Poudel) ਨੂੰ ਨੇਪਾਲ ਦਾ ਰਾਸ਼ਟਰਪਤੀ ਚੁਣਿਆ ਗਿਆ ਹੈ। ਪੌਡੇਲ ਨੇ ਸੁਭਾਸ਼ ਚੰਦਰ ਨੇਮਬਾਂਗ ਨੂੰ ਹਰਾਇਆ ਹੈ। ਜਾਣਕਾਰੀ ਦਿੰਦਿਆਂ ਨੇਪਾਲ ਦੇ ਚੋਣ ਕਮਿਸ਼ਨਰ ਨੇ ਦੱਸਿਆ ਕਿ ਪੌਡੇਲ ਨੇ 33,802 ਇਲੈਕਟੋਰਲ ਵੋਟਾਂ ਹਾਸਲ ਕੀਤੀਆਂ, ਜਦਕਿ ਉਨ੍ਹਾਂ ਦੇ ਵਿਰੋਧੀ ਸੁਭਾਸ਼ ਚੰਦਰ ਨੇਮਬਾਂਗ ਨੇ 15,518 ਇਲੈਕਟੋਰਲ ਵੋਟਾਂ ਹਾਸਲ ਕੀਤੀਆਂ।
ਰਾਮ ਚੰਦਰ ਪੌਡੇਲ (Ram Chandra Poudel) ਨੇ ਨੇਪਾਲੀ ਕਾਂਗਰਸ ਅਤੇ ਸੀਪੀਐਨ (ਮਾਓਵਾਦੀ ਕੇਂਦਰ) ਸਮੇਤ ਅੱਠ ਪਾਰਟੀਆਂ ਦੇ ਗੱਠਜੋੜ ਦੇ 214 ਸੰਸਦ ਮੈਂਬਰਾਂ ਅਤੇ 352 ਸੂਬਾਈ ਅਸੈਂਬਲੀ ਮੈਂਬਰਾਂ ਦੀਆਂ ਵੋਟਾਂ ਪ੍ਰਾਪਤ ਕੀਤੀਆਂ। ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦੁਰ ਦੇਉਬਾ ਨੇ ਟਵੀਟ ਕੀਤਾ ਕਿ ਮੇਰੇ ਦੋਸਤ ਰਾਮ ਚੰਦਰ ਪੌਡੇਲ ਨੂੰ ਰਾਸ਼ਟਰਪਤੀ ਚੁਣੇ ਜਾਣ ‘ਤੇ ਹਾਰਦਿਕ ਵਧਾਈ। ਚੋਣ ਕਮਿਸ਼ਨ ਦੇ ਬੁਲਾਰੇ ਸ਼ਾਲੀਗ੍ਰਾਮ ਨੇ ਕਿਹਾ ਕਿ ਰਾਸ਼ਟਰਪਤੀ ਚੋਣ ਵਿੱਚ 518 ਸੂਬਾਈ ਅਸੈਂਬਲੀ ਮੈਂਬਰਾਂ ਅਤੇ ਫੈਡਰਲ ਪਾਰਲੀਮੈਂਟ ਦੇ 313 ਮੈਂਬਰਾਂ ਨੇ ਵੋਟ ਪਾਈ। 2008 ਵਿੱਚ ਗਣਤੰਤਰ ਬਣਨ ਤੋਂ ਬਾਅਦ ਨੇਪਾਲ ਵਿੱਚ ਇਹ ਤੀਜੀ ਰਾਸ਼ਟਰਪਤੀ ਚੋਣ ਹੈ।