ਚੰਡੀਗੜ੍ਹ, 11 ਜੁਲਾਈ 2023: ਨੇਪਾਲ ‘ਚ ਮੰਗਲਵਾਰ ਨੂੰ ਲਾਪਤਾ ਹੋਏ ਹੈਲੀਕਾਪਟਰ ਦਾ ਮਲਬਾ (Helicopter Crash) ਬਰਾਮਦ ਕਰ ਲਿਆ ਗਿਆ ਹੈ। ਹਿਮਾਲੀਅਨ ਟਾਈਮਜ਼ ਮੁਤਾਬਕ ਮਲਬੇ ਦੇ ਨੇੜੇ ਤੋਂ 5 ਲਾਸ਼ਾਂ ਵੀ ਬਰਾਮਦ ਹੋਈਆਂ ਹਨ। ਇਹ ਮਲਬਾ ਲਿੱਖੂ ਪੀਕੇ ਪਿੰਡ ਅਤੇ ਦੁਧਕੁੰਡਾ ਨਗਰ, ਜਿਸ ਨੂੰ ਲਾਮਾਜੁਰਾ ਡੰਡਾ ਵੀ ਕਿਹਾ ਜਾਂਦਾ ਹੈ, ਸਰਹੱਦ ਨੇੜੇ ਮਿਲਿਆ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਮਿਲੀ ਜਾਣਕਾਰੀ ਮੁਤਾਬਕ ਹੈਲੀਕਾਪਟਰ ਵਿੱਚ ਮੈਕਸੀਕੋ ਦੇ ਪੰਜ ਨਾਗਰਿਕ ਸਮੇਤ ਛੇ ਜਣੇ ਸਵਾਰ ਸਨ। ਏਐਨਆਈ ਮੁਤਾਬਕ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਕਰੈਸ਼ (Helicopter Crash) ਹੋਣ ਤੋਂ ਤੁਰੰਤ ਬਾਅਦ ਹੈਲੀਕਾਪਟਰ ਵਿੱਚ ਧਮਾਕਾ ਹੋ ਗਿਆ ਅਤੇ ਉਸ ਵਿੱਚ ਅੱਗ ਲੱਗ ਗਈ। ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ ਹੈਲੀਕਾਪਟਰ ਮਾਊਂਟ ਐਵਰੈਸਟ ਨੇੜੇ ਲਾਪਤਾ ਹੋ ਗਿਆ ਸੀ। ਨੇਪਾਲ ਦੇ ਹਵਾਬਾਜ਼ੀ ਅਧਿਕਾਰੀਆਂ ਮੁਤਾਬਕ ਹੈਲੀਕਾਪਟਰ ਨੇ ਸਵੇਰੇ 10:04 ਵਜੇ ਸੁਕਰੀ ਤੋਂ ਕਾਠਮੰਡੂ ਲਈ ਉਡਾਣ ਭਰੀ। ਇਸਤੋਂ ਬਾਅਦ ਸਵੇਰੇ 10:13 ਵਜੇ ਕੰਟਰੋਲ ਟਾਵਰ ਨਾਲ ਸੰਪਰਕ ਟੁੱਟ ਗਿਆ ਅਤੇ ਰਾਡਾਰ ਤੋਂ ਗਾਇਬ ਹੋ ਗਿਆ ਸੀ । ਹਾਲਾਂਕਿ ਹੈਲੀਕਾਪਟਰ ਦੇ ਕਰੈਸ਼ ਹੋਣ ਦੇ ਕਾਰਨ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।