Election

ਚੋਣ ਪ੍ਰਬੰਧਾਂ ‘ਚ ਉਣਤਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਡਾ. ਸੇਨੂ ਦੁੱਗਲ

ਫਾਜ਼ਿਲਕਾ 5 ਅਪ੍ਰੈਲ 2024: ਲੋਕ ਸਭਾ ਆਮ ਚੋਣਾਂ (Election) ਦੀਆਂ ਤਿਆਰੀਆਂ ਲਈ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈਏਐਸ ਨੇ ਅੱਜ ਇਥੇ ਵੱਖ-ਵੱਖ ਵਿਭਾਗਾਂ ਦੇ ਨੋਡਲ ਅਫਸਰਾਂ ਨਾਲ ਬੈਠਕ ਕੀਤੀ। ਇਸ ਬੈਠਕ ਵਿੱਚ ਜ਼ਿਲ੍ਹੇ ਦੇ ਐਸਐਸਪੀ ਡਾ ਪ੍ਰਗਿਆ ਜੈਨ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕਿਹਾ ਕਿ ਚੋਣ ਤਿਆਰੀਆਂ ਵਿੱਚ ਕੋਈ ਵੀ ਊਣਤਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਉਨਾਂ ਨੇ ਸਾਰੇ ਨੋਡਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਨਿਰਧਾਰਿਤ ਟੀਚੇ ਅਨੁਸਾਰ ਆਪਣੇ ਚੋਣ (Election) ਪ੍ਰਬੰਧਾਂ ਨੂੰ ਸਮੇਂ ਸਿਰਫ ਪੂਰਾ ਕਰਨ। ਉਹਨਾਂ ਨੇ ਦੱਸਿਆ ਕਿ ਜੇਕਰ ਕਿਸੇ ਕੋਲੋਂ 50 ਹਜ਼ਾਰ ਤੋਂ ਵੱਧ ਦੀ ਨਗਦੀ ਬਰਾਮਦ ਹੁੰਦੀ ਹੈ ਅਤੇ ਸੰਬੰਧਿਤ ਵਿਅਕਤੀ ਇਸ ਸਬੰਧੀ ਮਾਲਕੀ ਦੇ ਪੁਖਤਾ ਸਬੂਤ ਪੇਸ਼ ਨਹੀਂ ਕਰ ਪਾਉਂਦਾ ਤਾਂ ਅਜਿਹੀ ਨਗਦੀ ਜਬਤ ਕੀਤੀ ਜਾ ਸਕਦੀ ਹੈ। 10 ਲੱਖ ਤੋਂ ਵੱਧ ਨਗਦੀ ਜਬਤ ਹੋਣ ਤੇ ਇਹ ਕੇਸ ਇਨਕਮ ਟੈਕਸ ਵਿਭਾਗ ਨੂੰ ਭੇਜਿਆ ਜਾਵੇਗਾ।

ਉਹਨਾਂ ਨੇ ਸਾਰੀਆਂ ਟੀਮਾਂ ਨੂੰ ਹਦਾਇਤ ਕੀਤੀ ਕਿ ਸਖ਼ਤੀ ਨਾਲ ਨਿਗਰਾਨੀ ਕੀਤੀ ਜਾਵੇ ਅਤੇ ਚੋਣਾਂ ਵਿੱਚ ਧਨ ਬਲ ਅਤੇ ਨਸ਼ੇ ਦੀ ਵਰਤੋਂ ਨੂੰ ਸਖਤੀ ਨਾਲ ਰੋਕਿਆ ਜਾਵੇ। ਉਹਨਾਂ ਨੇ ਆਖਿਆ ਕਿ ਜੇਕਰ ਸ਼ਰਾਬ ਦੀ ਕਿਸੇ ਹੋਰ ਜ਼ਿਲ੍ਹੇ ਜਾਂ ਪ੍ਰਦੇਸ਼ ਵਿੱਚ ਬਰਾਮਦਗੀ ਹੁੰਦੀ ਹੈ ਅਤੇ ਉਸ ਦਾ ਪਿਛੋਕੜ ਫਾਜ਼ਿਲਕਾ ਜਿਲੇ ਨਾਲ ਨਾਲ ਜੁੜਦਾ ਹੈ ਤਾਂ ਸਬੰਧਤ ਅਫਸਰਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਐਸਐਸਪੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਰਾਜਸਥਾਨ ਨਾਲ ਲੱਗਦੀਆਂ ਹੱਦਾਂ ਤੇ 24 ਨਾਕੇ ਲਗਾਏ ਗਏ ਹਨ ਅਤੇ ਇਸ ਤੋਂ ਬਿਨਾਂ ਵੀ ਜ਼ਿਲ੍ਹੇ ਵਿੱਚ ਲਗਾਤਾਰ ਚੌਕਸੀ ਰੱਖੀ ਜਾ ਰਹੀ ਹੈ। ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਜ਼ਿਲ੍ਹੇ ਵਿੱਚ ਐਨਡੀਪੀਐਸ ਐਕਟ ਦੇ 15 ਪਰਚੇ ਦਰਜ ਕਰਕੇ 25 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਚੋਣਾਂ ਸਬੰਧੀ ਚੋਣ ਕਮਿਸ਼ਨ ਤੋਂ 8 ਸ਼ਿਕਾਇਤਾਂ ਰੈਫਰ ਹੋ ਕੇ ਆਈਆਂ ਸਨ ਜਿਨਾਂ ਵਿੱਚੋਂ 7 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ । ਸੀ ਵਿਜਲ ਤੇ 16 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਅਤੇ 1950 ਹੈਲਪਲਾਈਨ ਤੇ 3 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਜਿਨਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ।

ਉਹਨਾਂ ਨੇ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਹਦਾਇਤ ਕੀਤੀਆਂ ਕਿ ਪੋਲਿੰਗ ਸਟੇਸ਼ਨਾਂ ਤੇ ਸਾਰੀਆਂ ਬੁਨਿਆਦੀ ਸਹੂਲਤਾਂ ਜਿਵੇਂ ਪਾਣੀ, ਛਾਂ, ਵੀਲ ਚੇਅਰ, ਰੈਂਪ, ਪਖਾਨਾ, ਪਾਵਰ ਬੈਕ ਅਪ ਆਦਿ ਦਾ ਪ੍ਰਬੰਧ ਕੀਤਾ ਜਾਵੇ।

ਬੈਠਕ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਕੇਸ਼ ਕੁਮਾਰ ਪੋਪਲੀ, ਐਸਡੀਐਮ ਪੰਕਜ ਬਾਂਸਲ ਅਤੇ ਬਲਕਰਨ ਸਿੰਘ, ਤਹਿਸੀਲਦਾਰ ਸੁਖਦੇਵ ਸਿੰਘ ਅਤੇ ਸੁਖਬੀਰ ਕੌਰ, ਖਰਚਾ ਨਿਗਰਾਨ ਟੀਮ ਤੋਂ ਵਿਨੇ ਬਜਾਜ, ਐਮਸੀਸੀ ਨਿਗਰਾਨ ਟੀਮ ਤੋਂ ਅਸ਼ੋਕ ਕੁਮਾਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Scroll to Top