ਚੰਡੀਗੜ੍ਹ, 24 ਮਈ 2023: ਟੋਕੀਓ ਓਲੰਪਿਕ ਦਾ ਸੋਨ ਤਮਗਾ ਜੇਤੂ ਨੀਰਜ ਚੋਪੜਾ (Neeraj Chopra) ਦੁਨੀਆ ਦਾ ਨੰਬਰ ਇਕ ਜੈਵਲਿਨ ਥ੍ਰੋਅਰ ਬਣਨ ਵਾਲਾ ਦੇਸ਼ ਦਾ ਪਹਿਲਾ ਅਥਲੀਟ ਬਣ ਗਿਆ ਹੈ। ਦੇਸ਼ ਦਾ ਕੋਈ ਵੀ ਐਥਲੀਟ ਅੱਜ ਤੱਕ ਪਹਿਲੇ ਨੰਬਰ ‘ਤੇ ਨਹੀਂ ਪਹੁੰਚ ਸਕਿਆ ਹੈ। ਵਿਸ਼ਵ ਅਥਲੈਟਿਕਸ ਵੱਲੋਂ ਜਾਰੀ ਕੀਤੀ ਗਈ ਰੈਂਕਿੰਗ ‘ਚ ਨੀਰਜ 1455 ਅੰਕਾਂ ਨਾਲ ਪਹਿਲੇ ਨੰਬਰ ‘ਤੇ ਰਿਹਾ ਹੈ। ਉਸ ਨੇ ਵਿਸ਼ਵ ਚੈਂਪੀਅਨ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੂੰ 22 ਅੰਕ ਪਿੱਛੇ ਛੱਡ ਦਿੱਤਾ ਹੈ। 25 ਸਾਲਾ ਨੀਰਜ ਚੋਪੜਾ 30 ਅਗਸਤ, 2022 ਤੋਂ ਵਿਸ਼ਵ ਦੇ ਦੂਜੇ ਨੰਬਰ ‘ਤੇ ਸੀ। ਪੀਟਰਸ ਦੁਨੀਆ ਦੇ ਨੰਬਰ ਇਕ ਜੈਵਲਿਨ ਥ੍ਰੋਅਰ ਰਹੇ ਸਨ, ਪਰ 5 ਮਈ ਨੂੰ ਦੋਵਾਂ ਵਿਚ 88.67 ਮੀਟਰ ਨਾਲ ਸੋਨ ਤਮਗਾ ਜਿੱਤਣ ਤੋਂ ਬਾਅਦ, ਨੀਰਜ ਨੇ ਪੀਟਰਸ ਨੂੰ ਪਿੱਛੇ ਛੱਡ ਦਿੱਤਾ ।
ਨੀਰਜ (Neeraj Chopra) ਨੇ ਪਿਛਲੇ ਸਾਲ ਸਤੰਬਰ ਵਿੱਚ ਜ਼ਿਊਰਿਖ (ਸਵਿਟਜ਼ਰਲੈਂਡ) ਵਿੱਚ ਹੋਈ ਡਾਇਮੰਡ ਲੀਗ ਦਾ ਫਾਈਨਲ ਵੀ ਜਿੱਤਿਆ ਸੀ। ਵਿਸ਼ਵ ਦਾ ਨੰਬਰ ਐਥਲੀਟ ਅਤੇ 89.94 ਮੀਟਰ ਦਾ ਰਾਸ਼ਟਰੀ ਰਿਕਾਰਡ ਕਾਇਮ ਕਰਨ ਵਾਲਾ ਨੀਰਜ ਚੋਪੜਾ ਹੁਣ 4 ਜੂਨ ਨੂੰ ਨੀਦਰਲੈਂਡ ਵਿੱਚ ਹੋਣ ਵਾਲੀਆਂ ਫੈਨੀ ਬਲੈਂਕਰਸ ਕੋਏਨ ਖੇਡਾਂ ਵਿੱਚ ਹਿੱਸਾ ਲੈਣ ਲਈ ਜਾਵੇਗਾ। ਇਸ ਤੋਂ ਬਾਅਦ ਉਹ 13 ਜੂਨ ਨੂੰ ਟੁਰਕੂ (ਫਿਨਲੈਂਡ) ਵਿੱਚ ਪਾਵੋ ਨੂਰਮੀ ਖੇਡਾਂ ਵਿੱਚ ਖੇਡੇਗਾ। ਇੱਥੇ ਉਸ ਨੇ ਪਿਛਲੇ ਸਾਲ ਚਾਂਦੀ ਦਾ ਤਮਗਾ ਜਿੱਤਿਆ ਸੀ।
ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਮਗਾ ਜੇਤੂ ਚੈੱਕ ਗਣਰਾਜ ਦਾ ਯਾਕੂਬ ਵਾਲਦੇਜ਼ਚੇ ਤੀਜੇ, ਯੂਰਪੀਅਨ ਚੈਂਪੀਅਨ ਜਰਮਨੀ ਦਾ ਜੂਲੀਅਨ ਵੀਬਰ ਚੌਥੇ ਅਤੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਮਗਾ ਜੇਤੂ ਪਾਕਿਸਤਾਨ ਦਾ ਅਰਸ਼ਦ ਨਦੀਮ ਪੰਜਵੇਂ ਸਥਾਨ ’ਤੇ ਹਨ। ਭਾਰਤ ਦੇ ਰੋਹਿਤ ਯਾਦਵ (15ਵੇਂ) ਅਤੇ ਡੀਪੀ ਮਨੂ (17ਵੇਂ) ਚੋਟੀ ਦੇ 20 ਵਿੱਚ ਸ਼ਾਮਲ ਹਨ।