ਨਵੀਂ ਦਿੱਲੀ 23 ਜੂਨ 2023 (ਦਵਿੰਦਰ ਸਿੰਘ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਰਾਜੌਰੀ ਗਾਰਡਨ ਸਿੰਘ ਸਭਾ (Rajouri Garden Singh Sabha) ਵਿਖੇ ਪਹੁੰਚ ਕੇ ਬੱਚਿਆਂ ਨੂੰ ਸਨਮਾਨਿਤ ਕੀਤਾ ਅਤੇ ਨਾਲ ਹੀ ਹਰਮਨਜੀਤ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਮਾਨਵਤਾ ਦੀ ਸੱਚੀ ਸੇਵਾ ਕਰਨ ਵਾਲੇ ਕਾਰਜ ਵੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਹੋਰਨਾਂ ਸਿੰਘ ਸਭਾਵਾਂ ਦੇ ਪ੍ਰਬੰਧਕਾਂ ਨੂੰ ਰਾਜੌਰੀ ਗਾਰਡਨ ਸਿੰਘ ਸਭਾ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ।
ਸ: ਜਸਪ੍ਰੀਤ ਸਿੰਘ ਕਰਮਸਰ, ਚੇਅਰਮੈਨ, ਧਰਮ ਪ੍ਰਚਾਰ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਜਾ ਕੇ ਬੱਚਿਆਂ ਦੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਲਗਾਏ ਜਾ ਰਹੇ ਗੁਰਮਤਿ ਕੈਂਪ ਵਿੱਚ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਅੱਜ ਉਨ੍ਹਾਂ ਰਾਜੌਰੀ ਗਾਰਡਨ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਪਹੁੰਚ ਕੇ ਬੱਚਿਆਂ ਤੋਂ ਸਿੱਖ ਇਤਿਹਾਸ ਨਾਲ ਸਬੰਧਤ ਸਵਾਲ-ਜਵਾਬ ਪੁੱਛੇ ਅਤੇ ਉਨ੍ਹਾਂ ਨੂੰ ਇਤਿਹਾਸ ਤੋਂ ਜਾਣੂ ਵੀ ਕਰਵਾਇਆ।
ਇਸ ਮੌਕੇ ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਵੀ ਕੀਤਾ ਗਿਆ, ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਇਸ ਅਸਥਾਨ ਦੇ ਮੈਨੇਜਰ ਸ: ਹਰਮਨਜੀਤ ਸਿੰਘ ਦੀ ਯੋਗ ਅਗਵਾਈ ਵਿਚ ਜਿਸ ਤਰੀਕੇ ਨਾਲ ਧਰਮ ਦਾ ਪ੍ਰਚਾਰ ਵੱਡੇ ਪੱਧਰ ‘ਤੇ ਕੀਤਾ ਜਾ ਰਿਹਾ ਹੈ, ਉਹ ਵਾਕ ਆਪਣੇ ਆਪ ਵਿਚ ਸ਼ਲਾਘਾਯੋਗ ਹੈl