ਚੰਡੀਗੜ੍ਹ,14 ਅਪ੍ਰੈਲ 2023: ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ (Dr. BR Ambedkar) ਜੀ ਦੇ ਜਨਮ ਦਿਹਾੜੇ ਮੌਕੇ ਸ੍ਰੀ ਗੁਰੂ ਰਵੀਦਾਸ ਨੌਜਵਾਨ ਸਭਾ ਮੋਹਾਲੀ ਵਲੋਂ ਰਵੀਦਾਸ ਭਵਨ ਫੇਜ਼ -7 ਵਿੱਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ਹਲਕਾ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ਵਿਸ਼ੇਸ ਤੌਰ ‘ਤੇ ਪਹੁੰਚੇ | ਇਸ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਦਾ ਦਿਨ ਇੱਕ ਇਤਿਹਾਸਕ ਦੀ ਦਿਨ ਹੈ | ਅੱਜ ਦਿਨ ਹੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਜਾਤ-ਪਾਤ, ਉਚ-ਨੀਚ ਅਤੇ ਹਰ ਤਰਾਂ ਦੇ ਭੇਦਭਾਵ ਨੂੰ ਖ਼ਤਮ ਕੀਤਾ | ਇਸੇ ਤਰਾਂ ਅੱਜ ਭਾਰਤ ਰਤਨ ਡਾ. ਅੰਬੇਡਕਰ ਦਾ ਜਨਮ ਹੋਇਆ ਜਿਨ੍ਹਾਂ ਨੇ ਵੀ ਜਾਤ-ਪਾਤ ਅਤੇ ਹਰ ਤਰਾਂ ਦੇ ਭੇਦਭਾਵ ਨੂੰ ਖ਼ਤਮ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ |
ਉਨ੍ਹਾਂ ਨੇ ਕਿਹਾ ਕਿ ਸਦੀਆਂ ਤੋਂ ਦਬੇ ਕੁਚਲੇ, ਗ਼ਰੀਬ ਦਲਿਤ ਅਤੇ ਪਛੜੇ ਸਮਾਜ ਦੇ ਲੋਕਾਂ ਲਈ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਆਗਮਨ ਦਰਅਸਲ ਕਿਸੇ ਮਸੀਹਾ ਤੋਂ ਘੱਟ ਨਹੀਂ ਸਮਝਿਆ ਜਾਂਦਾ। ਬਾਬਾ ਸਾਹਿਬ ਜਿਨ੍ਹਾਂ ਨੇ ਸਦੀਆਂ ਤੋਂ ਗੁਲਾਮੀ ਦਾ ਜੀਵਨ ਜੀਅ ਰਹੇ ਗ਼ਰੀਬ ਪੱਛੜੇ ਤੇ ਦਲਿਤ ਵਰਗਾਂ ਦੇ ਹਿੱਤਾਂ ਦੀ ਹਿਫਾਜ਼ਤ ਲਈ ਬੇਮਿਸਾਲ ਕੰਮ ਕੀਤੇ |
ਸ. ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੰਵਿਧਾਨ ਨਿਰਮਾਤਾ ਡਾ. ਬੀ.ਆਰ ਅੰਬੇਡਕਰ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਅਤੇ ਤਰੱਕੀ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਰਤਨ ਡਾ. ਅੰਬੇਡਕਰ ਨੇ ਦੇਸ਼ ਨੂੰ ਇਸ ਤਰ੍ਹਾਂ ਦਾ ਸੰਵਿਧਾਨ ਦਿੱਤਾ, ਜਿਸ ਨਾਲ ਭਾਰਤ ਨੇ ਇਕ ਮਜ਼ਬੂਤ ਲੋਕਤੰਤਰ ਦੇ ਤੌਰ ‘ਤੇ ਸਥਾਪਿਤ ਹੋ ਕੇ ਦੁਨੀਆ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ।
ਡਾ. ਬੀ.ਆਰ ਅੰਬੇਡਕਰ (Dr. BR Ambedkar) ਜੀ ਨੇ ਸੰਵਿਧਾਨ ਰਾਹੀਂ ਦੇਸ਼ ਦੇ ਸਾਰੇ ਵਰਗਾਂ ਨੂੰ ਸਨਮਾਨਪੂਰਵਕ ਅਧਿਕਾਰ ਪ੍ਰਦਾਨ ਕੀਤੇ । ਉਨ੍ਹਾਂ ਨੇ ਕਿਹਾ ਕਿ ਸਾਰਿਆਂ ਲਈ ਇਹ ਮਾਣ ਦਾ ਮੌਕਾ ਹੈ ਕਿ ਅਸੀਂ ਸਾਰੇ ਅੱਜ ਭਾਰਤੀ ਸੰਵਿਧਾਨ ਦੇ ਪਿਤਾਮਾ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਮੌਕੇ ਉਨ੍ਹਾਂ ਦੇ ਦੇਸ਼ ਪ੍ਰਤੀ ਕਾਰਜ ਅਤੇ ਪ੍ਰਾਪਤੀਆਂ ਨੂੰ ਯਾਦ ਕਰ ਰਹੇ ਹਾਂ ਅਤੇ ਸ਼ਰਧਾ ਦੇ ਫੁੱਲ ਅਰਪਿਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਨਵੇਂ ਭਾਰਤ ਦੇ ਨਿਰਮਾਣ ਤੇ ਦੇਸ਼ ਦੀ ਆਜ਼ਾਦੀ ਵਿਚ ਬਾਬਾ ਸਾਹਿਬ ਦਾ ਯੋਗਦਾਨ ਸਭ ਤੋਂ ਅੱਗੇ ਰਿਹਾ ਹੈ । ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਇਕ ਮਹਾਨ ਵਿਦਵਾਨ, ਨਿਆਂਵਾਦੀ, ਅਰਥਸ਼ਾਸਤਰੀ ਅਤੇ ਸਮਾਜ ਸੁਧਾਰਕ ਸਨ।
ਸ. ਕੁਲਵੰਤ ਸਿੰਘ ਨੇ ਕਿਹਾ ਕਿ ਦੇਸ਼ ਦੀ ਇਸ ਮਹਾਨ ਸ਼ਖਸੀਅਤ ਨੂੰ ਸਾਨੂੰ ਆਪਣੇ ਆਦਰਸ਼ ਦੇ ਤੌਰ ’ਤੇ ਲੈਂਦੇ ਹੋਏ ਹਮੇਸ਼ਾ ਸਮਾਜਿਕ ਬਰਾਬਰੀ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹੁੰਦੇ ਹੋਏ ਸਮਾਜ ਪ੍ਰਤੀ ਆਪਣਾ ਬਣਦਾ ਯੋਗਦਾਨ ਪਾਈਏ। ਇਸ ਮੌਕੇ ਡਾ. ਕੁਲਦੀਪ ਸਿੰਘ, ਆਰ.ਪੀ. ਸ਼ਰਮਾ, ਹਰਮੇਸ਼ ਸਿੰਘ ਕੁੰਬੜਾ, ਰਜੀਵ ਵਸ਼ਿਸ਼ਟ, ਪਰਮਜੀਤ ਸਿੰਘ ਕਾਹਲੋਂ, ਸੁਮਿਤ ਸੋਢੀ ਅਤੇ ਸਮੂਹ ਕਮੇਟੀ ਮੈਂਬਰ ਹਾਜ਼ਰ ਰਹੇ |