ਚੰਡੀਗੜ੍ਹ, 24 ਮਾਰਚ 2025: ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਅਨਿਲ ਵਿਜ (Anil Vij) ਨੇ ਕਿਹਾ ਕਿ ਇੱਕ ਗੱਲ ਹਮੇਸ਼ਾ ਉਨ੍ਹਾਂ ਦੇ ਮਨ ‘ ਗੂੰਜਦੀ ਹੈ ਕਿ ਆਜ਼ਾਦੀ ਅੰਦੋਲਨ ਦੌਰਾਨ ਮਹਾਤਮਾ ਗਾਂਧੀ ਦੇਸ਼ ਦੀ ਅਗਵਾਈ ਕਰ ਰਹੇ ਸਨ ਅਤੇ ਉਨ੍ਹਾਂ ਨੇ ਕਈ ਭੁੱਖ ਹੜਤਾਲਾਂ ਕੀਤੀਆਂ ਸਨ। ਜੇਕਰ ਉਹ ਭਗਤ ਸਿੰਘ ਲਈ ਇੱਕ ਵੀ ਭੁੱਖ ਹੜਤਾਲ ਕਰਦੇ, ਤਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਵੀ ਆਜ਼ਾਦ ਭਾਰਤ ਦੀ ਰੌਸ਼ਨੀ ਦੇਖ ਸਕਦੇ ਸਨ।
ਮੰਤਰੀ ਅਨਿਲ ਵਿਜ (Anil Vij) ਨੇ ਬੀਤੇ ਦਿਨ ਅੱਜ ਅੰਬਾਲਾ ਛਾਉਣੀ ਸਥਿਤ ਸਿਵਲ ਐਸਡੀਐਮ ਸਕੱਤਰੇਤ ਵਿਖੇ ਸ਼ਹੀਦੀ ਦਿਵਸ ਮੌਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ‘ਤੇ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਕਰਵਾਏ ਇੱਕ ਸਮਾਗਮ ‘ਚ ਸੰਬੋਧਨ ਕਰ ਰਹੇ ਸਨ। ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸਾਨੂੰ ਸ਼ਹੀਦਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੁਆਰਾ ਦਿਖਾਏ ਗਏ ਮਾਰਗ ‘ਤੇ ਚੱਲਣਾ ਚਾਹੀਦਾ ਹੈ। ਇਹੀ ਸਾਡੀ ਉਸਨੂੰ ਸੱਚੀ ਸ਼ਰਧਾਂਜਲੀ ਹੈ। ਸ਼ਹੀਦ ਭਗਤ ਸਿੰਘ (Shaheed Bhagat Singh), ਸੁਖਦੇਵ ਅਤੇ ਰਾਜਗੁਰੂ ਦੁਆਰਾ ਸ਼ੁਰੂ ਕੀਤੀ ਗਈ ਲੜਾਈ ਨੂੰ ਜਾਰੀ ਰੱਖਣ ਦੀ ਲੋੜ ਹੈ। ਹੁਣ ਇਨਕਲਾਬ ਨੂੰ ਅੱਗੇ ਵਧਾਇਆ ਅਤੇ ਫੈਲਾਇਆ ਜਾਣਾ ਚਾਹੀਦਾ ਹੈ।
ਇੱਕ ਦੁਸ਼ਮਣ (ਅੰਗਰੇਜ਼ਾਂ ਦੇ ਰੂਪ ‘ਚ) ਚਲਾ ਗਿਆ ਹੈ, ਪਰ ਦੇਸ਼ ਦੇ ਅੰਦਰ ਅਜੇ ਵੀ ਬਹੁਤ ਸਾਰੇ ਦੁਸ਼ਮਣ ਹਨ, ਜਿਨ੍ਹਾਂ ‘ਚ ਭ੍ਰਿਸ਼ਟਾਚਾਰ, ਆਪਣੀਆਂ ਜ਼ਿੰਮੇਵਾਰੀਆਂ ਨਾ ਨਿਭਾਉਣਾ ਸ਼ਾਮਲ ਹੈ, ਇਨ੍ਹਾਂ ਵਿਰੁੱਧ ਇੱਕ ਜੰਗ ਲੜਨੀ ਪਵੇਗੀ। ਅਨਿਲ ਵਿਜ ਨੇ ਕਿਹਾ ਕਿ ਸਾਨੂੰ ਦੇਸ਼ ‘ਚ ਹਰ ਕਿਸੇ ਨੂੰ ਸਮਾਨਤਾ ਦਾ ਅਧਿਕਾਰ ਪ੍ਰਦਾਨ ਕਰਨਾ ਹੋਵੇਗਾ। ਜਦੋਂ ਤੱਕ ਅਜਿਹਾ ਨਹੀਂ ਹੁੰਦਾ, ਅਸੀਂ ਅਤੇ ਦੇਸ਼ ਆਜ਼ਾਦ ਨਹੀਂ ਹੋਵਾਂਗੇ। ਜੇਕਰ ਅਸੀਂ ਭ੍ਰਿਸ਼ਟਾਚਾਰ ਦੇ ਭੂਤ ਤੋਂ ਛੁਟਕਾਰਾ ਪਾ ਲਈਏ, ਤਾਂ ਦੇਸ਼ ਸੌ ਗੁਣਾ ਤੇਜ਼ੀ ਨਾਲ ਤਰੱਕੀ ਕਰੇਗਾ।
ਮੰਤਰੀ ਨੇ ਕਿਹਾ ਕਿ ਅੱਜ ਸਰਕਾਰ ਲੋਕਾਂ ਨੂੰ ਸਿੱਧੇ ਉਨ੍ਹਾਂ ਦੇ ਖਾਤਿਆਂ ‘ਚ ਲਾਭ ਦੇ ਰਹੀ ਹੈ। ਪਹਿਲਾਂ ਜਦੋਂ ਰਾਜੀਵ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਸਨ, ਤਾਂ ਵਿਕਾਸ ਲਈ ਉੱਪਰੋਂ 100 ਰੁਪਏ ਭੇਜੇ ਜਾਂਦੇ ਸਨ, ਪਰ ਖਾਤੇ ‘ਚ ਸਿਰਫ਼ 15 ਰੁਪਏ ਆਉਂਦੇ ਸਨ, 85 ਰੁਪਏ ਸਿਸਟਮ ਯਾਨੀ ਭ੍ਰਿਸ਼ਟਾਚਾਰ’ਚ ਜਾਂਦੇ ਸਨ। ਪਰ ਸਾਡੀ ਭਾਜਪਾ ਸਰਕਾਰ ‘ਚ, ਵਿਕਾਸ ਲਈ ਜੋ ਵੀ ਪੈਸਾ ਆਉਂਦਾ ਹੈ, ਓਨਾ ਹੀ ਖਰਚ ਹੁੰਦਾ ਹੈ।
Read More: 23 March Shaheedi Diwas: ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਦੀ ਕਹਾਣੀ




