July 7, 2024 4:14 pm
Cyclone Biparjoy

ਚੱਕਰਵਾਤੀ ਤੂਫ਼ਾਨ ਬਿਪਰਜੋਏ ਨਾਲ ਨਜਿੱਠਣ ਲਈ NDRF ਟੀਮਾਂ ਤਾਇਨਾਤ, ਭਾਰਤੀ ਫੌਜ ਵੀ ਤਿਆਰ

ਚੰਡੀਗੜ੍ਹ,15 ਜੂਨ 2023: ਗੁਜਰਾਤ ਦੇ ਤੱਟਾਂ ਵੱਲ ਵਧ ਰਹੇ ਚੱਕਰਵਾਤੀ ਤੂਫ਼ਾਨ ਬਿਪਰਜੋਏ (Cyclone Biparjoy) ਨੇ ਖ਼ਤਰਨਾਕ ਰੂਪ ਧਾਰਨ ਕਰ ਲਿਆ ਹੈ। ਇਸ ਦੇ ਅੱਜ ਸ਼ਾਮ ਕੱਛ ਦੇ ਜਖਾਊ ਵਿਖੇ ਜ਼ਮੀਨ ਨਾਲ ਟਕਰਾਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਸ ਕਾਰਨ ਭਾਰੀ ਤਬਾਹੀ ਦੀ ਚਿਤਾਵਨੀ ਦਿੱਤੀ ਹੈ। ਕੱਛ ਅਤੇ ਸੌਰਾਸ਼ਟਰ ਖੇਤਰਾਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।

ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਦੀਆਂ ਕਈ ਟੀਮਾਂ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਾਇਨਾਤ ਕੀਤੀਆਂ ਗਈਆਂ ਹਨ। ਫੌਜ ਵੀ ਤਿਆਰ ਹੈ। ਵਿੰਗ ਕਮਾਂਡਰ ਐਨ ਮਨੀਸ਼ ਦਾ ਕਹਿਣਾ ਹੈ ਕਿ ਗੁਜਰਾਤ ਦੇ ਨਾਲ-ਨਾਲ ਕਈ ਥਾਵਾਂ ‘ਤੇ ਰਾਹਤ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਵਿੰਗ ਕਮਾਂਡਰ ਨੇ ਕਿਹਾ ਕਿ ਚੱਕਰਵਾਤ (Cyclone Biparjoy) ਨੂੰ ਲੈ ਕੇ ਲੋਕਾਂ ਵਿਚ ਡਰ ਹੈ। ਇਸ ਲਈ ਸਾਰੇ ਹਥਿਆਰਬੰਦ ਬਲਾਂ ਭਾਵ ਸੈਨਾ, ਜਲ ਸੈਨਾ, ਹਵਾਈ ਸੈਨਾ ਅਤੇ ਭਾਰਤੀ ਤੱਟ ਰੱਖਿਅਕਾਂ ਨੇ ਜਨਤਾ ਨੂੰ ਦਰਪੇਸ਼ ਮੁਸ਼ਕਲਾਂ ਨੂੰ ਘਟਾਉਣ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ। ਉਹ ਸਥਾਨਕ ਲੋਕਾਂ ਦੀ ਹਰ ਸੰਭਵ ਮੱਦਦ ਕਰਨ ਲਈ ਤਿਆਰ ਹੈ।

ਉਨ੍ਹਾਂ ਨੇ ਦੱਸਿਆ ਕਿ ਭਾਰਤੀ ਫੌਜ ਨੇ ਪੂਰੇ ਗੁਜਰਾਤ ਦੇ ਨਾਲ-ਨਾਲ ਮਾਂਡਵੀ ਅਤੇ ਦਵਾਰਕਾ ਦੇ ਟਿਕਾਣਿਆਂ ‘ਤੇ 27 ਤੋਂ ਵੱਧ ਰਾਹਤ ਬਲਾਂ ਨੂੰ ਤਾਇਨਾਤ ਕੀਤਾ ਹੈ। ਫੌਜ ਦੇ ਅਧਿਕਾਰੀਆਂ ਨੇ ਸਿਵਲ ਪ੍ਰਸ਼ਾਸਨ ਦੇ ਨਾਲ-ਨਾਲ ਐਨਡੀਆਰਐਫ ਦੀਆਂ ਟੀਮਾਂ ਨਾਲ ਮਿਲ ਕੇ ਰਾਹਤ ਕਾਰਜ ਵੀ ਸ਼ੁਰੂ ਕੀਤੇ ਹਨ। ਭਾਰਤੀ ਸੈਨਾ ਨੇ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਬਚਾਉਣ ਦਾ ਜ਼ਿੰਮਾ ਲੈ ਲਿਆ ਹੈ |