ਚੰਡੀਗੜ੍ਹ, 18 ਜੁਲਾਈ 2023: ਵਿਰੋਧੀ ਪਾਰਟੀਆਂ ਦੀ ਏਕਤਾ ਲਈ ਬੈਂਗਲੁਰੂ ‘ਚ ਚੱਲ ਰਹੀ ਬੈਠਕ ਦੇ ਜਵਾਬ ‘ਚ ਅੱਜ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਜਮਹੂਰੀ ਗਠਜੋੜ ਦੀ ਦਿੱਲੀ ਵਿਖੇ ਅਹਿਮ ਬੈਠਕ ਹੋ ਰਹੀ ਹੈ। ਇਸ ਤੋਂ ਪਹਿਲਾਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਦਾਅਵਾ ਕੀਤਾ ਕਿ ਮੰਗਲਵਾਰ ਨੂੰ ਹੋਣ ਵਾਲੀ ਐੱਨਡੀਏ (NDA) ਦੀ ਬੈਠਕ ‘ਚ ਸਾਡੇ 38 ਸਹਿਯੋਗੀਆਂ ਨੇ ਆਪਣੀ ਸ਼ਮੂਲੀਅਤ ਦੀ ਪੁਸ਼ਟੀ ਕਰ ਦਿੱਤੀ ਹੈ।
ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਗਠਜੋੜ (NDA) ਦੀ ਬੈਠਕ ਮੰਗਲਵਾਰ ਨੂੰ ਇੱਥੇ ਇੱਕ ‘ਦਿ ਅਸ਼ੋਕ ਹੋਟਲ’ ‘ਚ ਸ਼ੁਰੂ ਹੋਈ। ਇਸ ਬੈਠਕ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣ ਲਈ ਪਹੁੰਚੇ ਹਨ । ਉਨ੍ਹਾਂ ਦਾ ਇੱਥੇ ਭਾਜਪਾ ਪ੍ਰਧਾਨ ਜੇਪੀ ਨੱਡਾ, ਹਿੰਦੁਸਤਾਨੀ ਅਵਾਮ ਮੋਰਚਾ (ਸੈਕੂਲਰ) ਦੇ ਜੀਤਨ ਰਾਮ ਮਾਂਝੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ (ਏਆਈਏਡੀਐਮਕੇ) ਦੇ ਈ ਪਲਾਨੀਸਵਾਮੀ ਸਮੇਤ ਹੋਰਨਾਂ ਨੇ ਸਵਾਗਤ ਕੀਤਾ। ਐੱਨਡੀਏ ਦੀ ਇਸ ਬੈਠਕ ਵਿੱਚ 38 ਪਾਰਟੀਆਂ ਹਿੱਸਾ ਲੈ ਰਹੀਆਂ ਹਨ।
ਇਹ ਬੈਠਕ ਅਜਿਹੇ ਸਮੇਂ ‘ਚ ਹੋ ਰਹੀ ਹੈ ਜਦੋਂ ਵਿਰੋਧੀ ਪਾਰਟੀਆਂ ਨੇ ਅੱਜ ਬੈਂਗਲੁਰੂ ‘ਚ ਆਪਣੀ ਦੂਜੀ ਬੈਠਕ ਕੀਤੀ ਅਤੇ ਆਪਣੇ ਗਠਜੋੜ ਦਾ ਨਾਂ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ)’ ਰੱਖਿਆ। ਬੈਂਗਲੁਰੂ ‘ਚ ਹੋਈ ਵਿਰੋਧੀ ਪਾਰਟੀਆਂ ਦੀ ਬੈਠਕ ‘ਚ 26 ਵਿਰੋਧੀ ਪਾਰਟੀਆਂ ਨੇ ਹਿੱਸਾ ਲਿਆ।