Punjab NCC Cadets

ਪੰਜਾਬ ਦੇ NCC ਕੈਡਿਟਾਂ ਨੇ ਲਗਾਤਾਰ ਦੂਜੀ ਵਾਰ ਜਿੱਤੀ ਕੌਮੀ ਚੈਂਪੀਅਨਸ਼ਿਪ

ਚੰਡੀਗੜ੍ਹ, 11 ਸਤੰਬਰ 2025: ਪੰਜਾਬ ਡਾਇਰੈਕਟੋਰੇਟ ਐਨ.ਸੀ.ਸੀ. ਦੇ ਕੈਡਿਟਾਂ (Punjab NCC Cadets) ਨੇ ਲਗਾਤਾਰ ਦੂਜੇ ਸਾਲ (2024 ਅਤੇ 2025) ਵੱਕਾਰੀ ਆਲ ਇੰਡੀਆ ਥਲ ਸੈਨਿਕ ਕੈਂਪ (ਏ.ਆਈ.ਟੀ.ਐਸ.ਸੀ.) ਸੀਨੀਅਰ ਡਿਵੀਜ਼ਨ ਚੈਂਪੀਅਨਸ਼ਿਪ ਜਿੱਤੀ ਹੈ।

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਲਗਾਤਾਰ ਦੂਜੀ ਜਿੱਤ ਸਾਡੇ ਐਨ.ਸੀ.ਸੀ. ਕੈਡਿਟਾਂ ਦੇ ਅਡੋਲ ਇਰਾਦੇ, ਦ੍ਰਿੜ੍ਹਤਾ ਅਤੇ ਅਨੁਸ਼ਾਸਨ ਦਾ ਸਬੂਤ ਹੈ। ਇਨ੍ਹਾਂ ਕੈਡਿਟਾਂ (ਪੀ.ਐਚ.ਐਚ.ਪੀ. ਐਂਡ ਸੀ.) ਨੇ ਮਹਾਰਾਸ਼ਟਰ ਅਤੇ ਕਰਨਾਟਕ ਵਰਗੇ ਵੱਡੇ ਸੰਸਥਾਨਾਂ ਸਮੇਤ 16 ਤੋਂ ਵੱਧ ਡਾਇਰੈਕਟੋਰੇਟਾਂ ‘ਤੇ ਜਿੱਤ ਦਰਜ ਕਰਕੇ ਨਵਾਂ ਕੌਮੀ ਰਿਕਾਰਡ ਕਾਇਮ ਕੀਤਾ ਹੈ।

ਸਿੱਖਿਆ ਮੰਤਰੀ ਨੇ ਕਿਹਾ ਕਿ ਇਨ੍ਹਾਂ ਕੈਡਿਟਾਂ ਨੇ ਸਮਾਜ ਲਈ ਔਖੀ ਘੜੀ ‘ਚ ਵੀ ਆਪਣਾ ਲੋਹਾ ਮਨਵਾਇਆ ਹੈ, ਜਿਸ ‘ਚ ਆਪ੍ਰੇਸ਼ਨ ਸੰਧੂਰ ਦੌਰਾਨ ਬੇਮਿਸਾਲ ਸੇਵਾ ਪ੍ਰਦਾਨ ਕਰਨ ਤੋਂ ਲੈ ਕੇ ਪੰਜਾਬ ‘ਚ ਹਾਲ ਹੀ ਵਿੱਚ ਆਏ ਭਿਆਨਕ ਹੜ੍ਹਾਂ ਦੌਰਾਨ ਬਚਾਅ ਅਤੇ ਰਾਹਤ ਕਾਰਜਾਂ ‘ਚ ਸਿਵਲ ਅਧਿਕਾਰੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣਾ ਸ਼ਾਮਲ ਹੈ।

ਉਨ੍ਹਾਂ ਕਿਹਾ ਕਿ ਮੈਦਾਨ ‘ਚ ਚੈਂਪੀਅਨ ਅਤੇ ਸਮਾਜ ਦੇ ਰਖਵਾਲਿਆਂ ਵਜੋਂ ਇਨ੍ਹਾਂ ਕੈਡਿਟਾਂ ਦੀ ਭੂਮਿਕਾ ਐਨ.ਸੀ.ਸੀ. ਦੇ ਮੁੱਖ ਸਿਧਾਂਤਾਂ ਅਤੇ ਡਾਇਰੈਕਟੋਰੇਟ ਦੇ ਮੋਟੋ “ਅਨੁਸ਼ਾਸਨ ਅਤੇ ਸੇਵਾ ਸਭ ਤੋਂ ਉੱਪਰ” ਨੂੰ ਦਰਸਾਉਂਦੀ ਹੈ।

ਸਿੱਖਿਆ ਮੰਤਰੀ ਨੇ ਕਿਹਾ ਕਿ ਇਨ੍ਹਾਂ ਕੈਡਿਟਾਂ ਦੀ ਸਫਲਤਾ ਪੰਜਾਬ ਡਾਇਰੈਕਟੋਰੇਟ ਨੂੰ ਕੌਮੀ ਪੱਧਰ ‘ਤੇ ਮਿਲਟਰੀ ਅਨੁਸ਼ਾਸਨ ਅਤੇ ਲੀਡਰਸ਼ਿਪ ਦੇ ਮਾਰਗਦਰਸ਼ਕ ਵਜੋਂ ਸਥਾਪਤ ਕਰਦੀ ਹੈ।

ਹਰਜੋਤ ਸਿੰਘ ਬੈਂਸ ਨੇ ਕੈਡਿਟਾਂ ਨੂੰ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਸ਼ਾਨਦਾਰ ਪ੍ਰਾਪਤੀ ਲਈ ਉਨ੍ਹਾਂ ਦੇ ਇੰਸਟਰਕਟਰਾਂ ਅਤੇ ਸਮੁੱਚੇ ਐਨ.ਸੀ.ਸੀ. ਫੈਟਰਨਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ।

Read More: IND ਬਨਾਮ UAE: ਭਾਰਤ ਨੇ ਯੂਏਈ ਖ਼ਿਲਾਫ ਸਿਰਫ਼ 27 ਗੇਂਦਾਂ ‘ਚ ਜਿੱਤਿਆ ਮੈਚ

Scroll to Top