July 7, 2024 6:07 am
Navjot Singh Sidhu

ਨਵਜੋਤ ਸਿੰਘ ਸਿੱਧੂ ਨੇ 7 ਜਨਵਰੀ ਨੂੰ ਬਠਿੰਡਾ ‘ਚ ਰੱਖੀ ਕਾਂਗਰਸੀ ਦੀ ਵੱਖਰੀ ਰੈਲੀ

ਚੰਡੀਗੜ੍ਹ, 1 ਜਨਵਰੀ 2023: ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਇੱਕ ਵਾਰ ਫਿਰ ਆਪਣੀ ਵੱਖਰੀ ਕਾਂਗਰਸ ਰੈਲੀ ਰੱਖ ਦਿੱਤੀ ਹੈ। ਨਵਜੋਤ ਸਿੱਧੂ ਨੇ ਬਠਿੰਡਾ ਦੇ ਪਿੰਡ ਕੋਟਸ਼ਮੀਰ ‘ਚ 7 ਜਨਵਰੀ ਨੂੰ ਹੋਣ ਵਾਲੀ ਇਸ ਰੈਲੀ ਦਾ ਨਾਂ ਲੋਕ ਮਿਲਣੀ ਰੱਖਿਆ ਹੈ। ਦੂਜੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਵਿਵਾਦ ਵਧ ਸਕਦਾ ਹੈ |

ਹਾਲ ਹੀ ‘ਚ ਨਵਜੋਤ ਸਿੱਧੂ (Navjot Singh Sidhu) ਦਾ ਨਾਂ ਲਏ ਬਿਨਾਂ ਰਾਜਾ ਵੜਿੰਗ ਨੇ ਕਿਹਾ ਸੀ ਕਿ ਜਿਸ ਨੇ ਵੀ ਆਪਣੀ ਨਿੱਜੀ ਰਾਏ ਜ਼ਾਹਰ ਕਰਨੀ ਹੈ ਉਸ ਨੂੰ ਪਾਰਟੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਕੋਈ ਵੀ ਪਾਰਟੀ ਦਾ ਅਨੁਸ਼ਾਸਨ ਤੋੜੇਗਾ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |

ਰੈਲੀ ਦੀ ਜਾਣਕਾਰੀ ਖੁਦ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਦਿੱਤੀ। ਇਸਦੇ ਨਾਲ ਹੀ ਸਾਰੇ ਆਗੂਆਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਹਾਲਾਂਕਿ ਇਸ ਵਾਰ ਰੈਲੀ ਦੇ ਪੋਸਟਰ ‘ਚ ਪਾਰਟੀ ਪ੍ਰਧਾਨ ਰਾਜਾ ਵੜਿੰਗ ਦੀ ਤਸਵੀਰ ਨੂੰ ਜਗ੍ਹਾ ਦਿੱਤੀ ਗਈ ਹੈ, ਜਦਕਿ ਸੂਬੇ ਦੇ ਕਿਸੇ ਵੀ ਆਗੂ ਨੂੰ ਜਗ੍ਹਾ ਨਹੀਂ ਦਿੱਤੀ ਗਈ ਹੈ।

ਪੋਸਟਰ ਵਿੱਚ ਰਾਸ਼ਟਰੀ ਪ੍ਰਧਾਨ ਮਲਿਕਾਅਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਪਾਰਟੀ ਦੇ ਨਵੇਂ ਨਿਯੁਕਤ ਇੰਚਾਰਜ ਦੇਵੇਂਦਰ ਸਿੰਘ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਫੋਟੋਆਂ ਹਨ। ਇਸ ਪੋਸਟਰ ਵਿੱਚ ਬਠਿੰਡਾ ਦੇ ਦੋ ਸਥਾਨਕ ਆਗੂਆਂ ਦੀਆਂ ਫੋਟੋਆਂ ਵੀ ਹਨ |