ਚੰਡੀਗੜ੍ਹ, 10 ਜਨਵਰੀ 2024: ਪੰਜਾਬ ਵਿੱਚ ਇੰਡੀਆ ਗਠਜੋੜ ਦਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ | ਇਸਦੇ ਨਾਲ ਹੀ ਪੰਜਾਬ ਕਾਂਗਰਸ (Punjab Congress) ਦੇ ਇੰਚਾਰਜ ਦੇਵੇਂਦਰ ਯਾਦਵ ਦੀ ਅਗਵਾਈ ਹੇਠ ਅੱਜ ਦੂਜੇ ਦਿਨ ਵੀ ਬੈਠਕ ਹੋਈ। ਬੈਠਕ ਲੋਕ ਸਭਾ ਚੋਣਾਂ ਲਈ ਨਿਯੁਕਤ ਕੀਤੇ ਗਏ ਬਲਾਕ ਪ੍ਰਧਾਨਾਂ ਅਤੇ ਕੋਆਰਡੀਨੇਟਰਾਂ ਨਾਲ ਸੀ । ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਨੇ ਕਿਹਾ ਕਿ ਸਾਡਾ ਸੰਗਠਨ 2024 ਦੀਆਂ ਲੋਕ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਬੈਠਕ ਤੋਂ ਬਾਅਦ ਉਹ ਆਪਣੀ ਰਿਪੋਰਟ ਆਲਾਕਮਾਨ ਨੂੰ ਸੌਂਪਣਗੇ। ਪੰਜਾਬ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਰਮਿਆਨ 7 ਅਤੇ 6 ਸੀਟਾਂ ਦੀ ਵੰਡ ਸਬੰਧੀ ਪੁੱਛੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਸਾਨੂੰ ਇਸ ਬਾਰੇ ਪਤਾ ਨਹੀਂ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਨਵਜੋਤ ਸਿੰਘ ਸਿੱਧੂ ਅੱਜ ਦੀ ਬੈਠਕ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਅੱਜ ਦੀ ਬੈਠਕ ਲਈ ਸੱਦਾ ਨਹੀਂ ਦਿੱਤਾ ਗਿਆ ਸੀ।
ਦੂਜੇ ਪਾਸੇ ਕਾਂਗਰਸ (Punjab Congress) ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵਜੋਤ ਸਿੱਧੂ ਦੀਆਂ ਰੈਲੀਆਂ ਸਬੰਧੀ ਨਾਂ ਲਏ ਬਿਨਾਂ ਕਿਹਾ ਕਿ ਪ੍ਰਧਾਨ ਕੌਣ ਹੈ, ਇਸ ਹਿਸਾਬ ਨਾਲ ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਭਾਵੇਂ ਛੋਟਾ ਹੋਵੇ ਪਰ ਮੇਰਾ ਦਿਲ ਵੱਡਾ ਹੈ। ਉਨ੍ਹਾਂ ਕਿਹਾ ਕਿ ਕਈਆਂ ਦਾ ਕੱਦ ਵੱਡਾ ਹੁੰਦਾ ਹੈ, ਪਰ ਦਿਲ ਛੋਟਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਟੇਜ ’ਤੇ ਚੜ੍ਹ ਕੇ ਕਾਂਗਰਸੀ ਵਰਕਰਾਂ ਖ਼ਿਲਾਫ਼ ਬੋਲੇਗਾ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ, ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਰਾਜਾ ਵੜਿੰਗ ਨੇ ਕਿਹਾ ਕਿ ਆਲਾਕਮਾਨ ਨੇ ਅਜੇ ਤੱਕ ਸਾਡੇ ਨਾਲ ਆਮ ਆਦਮੀ ਨਾਲ ਗਠਜੋੜ ਦੀ ਕੋਈ ਚਰਚਾ ਨਹੀਂ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਾਈਕਮਾਂਡ ਹੀ ਸਰਵਸ੍ਰੇਸ਼ਠ ਹੈ। ਇਸਦੇ ਹੀ ਦੇਵੇਂਦਰ ਯਾਦਵ ਦੀ ਬੈਠਕ ‘ਚ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਸਮੇਤ 11 ਕਾਂਗਰਸੀ ਆਗੂ ਦੇ ਸ਼ਾਮਲ ਹੋਣ ‘ਤੇ ਸਸਪੈਂਸ ਬਣਿਆ ਹੋਇਆ ਹੈ। ਉਂਜ ਪੰਜਾਬ ਦੇ ਨਵੇਂ ਇੰਚਾਰਜਾਂ ਦੀ ਇਹ ਪਹਿਲੀ ਬੈਠਕ ਹੈ। ਇਨ੍ਹਾਂ ਬੈਠਕਾਂ ਵਿੱਚ ਉਹ ਸਿੱਧੇ ਤੌਰ ’ਤੇ ਪਾਰਟੀ ਆਗੂਆਂ ਨੂੰ ਮਿਲ ਰਹੇ ਹਨ, ਤਾਂ ਜੋ ਉਨ੍ਹਾਂ ਦਾ ਪਾਰਟੀ ਵਿੱਚ ਭਰੋਸਾ ਬਣਿਆ ਰਹੇ।