ਚੰਡੀਗੜ੍ਹ, 23 ਫਰਵਰੀ 2023: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਪੰਜਾਬ ‘ਚ ਗੈਂਗਸਟਰਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਇਹ ਕਾਰਵਾਈ ਪੰਜਾਬ ਦੇ ਤਿੰਨ ਵੱਡੇ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਵਿਦੇਸ਼ ‘ਚ ਬੈਠੇ ਗੋਲਡੀ ਬਰਾੜ ਦੇ ਕਰੀਬੀਆਂ ਦੇ ਖ਼ਿਲਾਫ਼ ਕੀਤੀ ਗਈ ਹੈ। ਐਨਆਈਏ ਨੇ ਇਨ੍ਹਾਂ ਗੈਂਗਸਟਰਾਂ ਦੇ 6 ਕਰੀਬੀ ਦੋਸਤਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਲੱਕੀ ਖੋਖਰ, ਲਖਵੀਰ ਸਿੰਘ, ਹਰਪ੍ਰੀਤ, ਦਲੀਪ ਬਿਸ਼ਨੋਈ, ਸੁਰਿੰਦਰ ਅਤੇ ਹਰੀ ਓਮ ਸ਼ਾਮਲ ਹਨ।
ਇਸਤੋਂ ਪਹਿਲਾਂ ਐਨਆਈਏ (NIA)ਅਧਿਕਾਰੀਆਂ ਦੇ ਮੁਤਾਬਕ ਪੰਜਾਬ ਦੇ ਨਾਲ-ਨਾਲ 8 ਸੂਬਿਆਂ ਦਿੱਲੀ, ਯੂ.ਪੀ., ਰਾਜਸਥਾਨ, ਗੁਜਰਾਤ, ਹਰਿਆਣਾ ਅਤੇ ਮੱਧ ਪ੍ਰਦੇਸ਼ ‘ਚ 76 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਸੀ । ਪੰਜਾਬ ਵਿੱਚ ਅਬੋਹਰ, ਬਠਿੰਡਾ, ਮੁਕਤਸਰ ਸਾਹਿਬ, ਮੋਗਾ, ਫਾਜ਼ਿਲਕਾ, ਲੁਧਿਆਣਾ, ਤਰਨਤਾਰਨ, ਮੋਹਾਲੀ, ਫ਼ਿਰੋਜ਼ਪੁਰ, ਫਰੀਦਕੋਟ, ਸੰਗਰੂਰ ਅਤੇ ਜਲੰਧਰ ਵਿੱਚ ਛਾਪੇਮਾਰੀ ਕੀਤੀ ਗਈ ਸੀ |
ਦੋ ਦਿਨ ਪਹਿਲਾਂ ਕਾਰਵਾਈ ਕਰਦੇ ਹੋਏ ਐਨਆਈਏ ਨੇ 76 ਥਾਵਾਂ ਤੋਂ 9 ਹਥਿਆਰ ਪਿਸਤੌਲ ਅਤੇ ਰਾਈਫਲਾਂ ਜ਼ਬਤ ਕੀਤੀਆਂ ਸਨ। ਇਸ ਤੋਂ ਇਲਾਵਾ 1.50 ਕਰੋੜ ਰੁਪਏ ਦੀ ਰਕਮ ਵੀ ਜ਼ਬਤ ਕੀਤੀ ਗਈ ਹੈ। ਐਨਆਈਏ ਨੇ ਕੁਝ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਯੰਤਰ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।