ਅੰਮ੍ਰਿਤਸਰ, 30 ਅਕਤੂਬਰ 2023: ਪਿਛਲੇ ਦਿਨੀ ਅੰਮ੍ਰਿਤਸਰ ਤੇ ਜੰਡਿਆਲਾ ਗੁਰੂ (Jandiala Guru) ਵਿੱਚ ਦੇਰ ਸ਼ਾਮ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਅੰਮ੍ਰਿਤ ਪਾਲ ਸਿੰਘ ਉਰਫ ਸਾਜਨ ਨਾਮਕ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਵੀ ਹੋ ਗਈ ਸੀ ਜਦਕਿ ਇਸ ਦਾ ਇੱਕ ਹੋਰ ਸਾਥੀ ਗੰਭੀਰ ਰੂਪ ਵਿੱਚ ਜਖਮੀ ਦੱਸਿਆ ਜਾ ਰਿਹਾ ਸੀ।
ਅੱਜ ਅੰਮ੍ਰਿਤਪਾਲ ਸਿੰਘ ਉਰਫ ਸਾਜਨ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਜਦੋਂ ਪਰਿਵਾਰ ਨੂੰ ਉਸਦੀ ਮ੍ਰਿਤਕ ਦੇਹ ਦਿੱਤੀ ਗਈ ਤਾਂ ਪਰਿਵਾਰ ਨੇ ਮ੍ਰਿਤਕ ਦੇਹ ਨੂੰ ਨੈਸ਼ਨਲ ਹਾਈਵੇ ਤੇ ਰੱਖ ਕੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਜਲਦ ਤੋਂ ਜਲਦ ਉਹਨਾਂ ਦੇ ਪੁੱਤਰ ਦੇ ਕਾਤਲ ਗ੍ਰਫਤਾਰ ਹੋਣੇ ਚਾਹੀਦੇ ਹਨ | ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੰਡਿਆਲਾ ਗੁਰੂ (Jandiala Guru) ਪੁਲਿਸ ਸਟੇਸ਼ਨ ਦੇ ਪੁਲਿਸ ਮੁਖੀ ਵੱਲੋਂ ਜੇਕਰ ਸਹੀ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਸ਼ਾਇਦ ਉਹਨਾਂ ਦਾ ਪੁੱਤਰ ਸਹੀ ਸਲਾਮਤ ਉਹਨਾਂ ਦੇ ਕੋਲ ਹੁੰਦਾ |
ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਤੇ ਆਲਾ ਅਧਿਕਾਰੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਫਿਲਹਾਲ ਉਹਨਾਂ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹਨ ਤੇ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪ੍ਰਦਰਸ਼ਨ ਕਰ ਰਹੇ ਇਲਾਕਾ ਵਾਸੀਆਂ ਦੀ ਮੰਗ ਹੈ ਕਿ ਜੰਡਿਆਲਾ ਗੁਰੂ ਪੁਲਿਸ ਸਟੇਸ਼ਨ ਦੇ ਐਸ.ਐਚ.ਓ ਵੱਲੋਂ ਕਾਰਵਾਈ ਸਹੀ ਨਹੀਂ ਕੀਤੀ ਗਈ ਤਾਂ ਫਿਲਹਾਲ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਐਸ.ਐਚ.ਓ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਸ਼ਾਮ ਤੱਕ ਹੀ ਨਵਾਂ ਐਸ.ਐਚ.ਓ ਜੰਡਿਆਲਾ ਗੁਰੂ ਥਾਣੇ ਵਿੱਚ ਲਗਾ ਦਿੱਤਾ ਜਾਵੇਗਾ ਅਤੇ ਪੁਲਿਸ ਆਪਣੀ ਕਾਨੂੰਨੀ ਕਾਰਵਾਈ ਕਰ ਰਹੀ ਹੈ।