ਚੰਡੀਗੜ੍ਹ 01 ਅਕਤੂਬਰ 2022: ਸੰਯੁਕਤ ਕਿਸਾਨ ਮੋਰਚਾ ਰਾਜਨੀਤਿਕ ਵੱਲੋਂ ਪੰਜਾਬ ਸਰਕਾਰ ਨਾਲ ਹੋਈ 2 ਅਗਸਤ ਦੀ ਮੀਟਿੰਗ ਵਿੱਚ ਮੰਨੀਆਂ ਗਈਆਂ ਮੰਗਾਂ ਦੀ ਵਾਅਦਾ ਖ਼ਿਲਾਫ਼ੀ ਅਤੇ ਉਹਨਾਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਰੋਸ ਵਜੋਂ ਅਤੇ ਝੋਨੇ ਦੀ ਪਰਾਲੀ,ਝੋਨੇ ਦੀ ਫਸਲ ਦਾ ਦਾਣਾ ਦਾਣਾ ਚੁਕਵਾਉਣ, ਖੰਡ ਮਿੱਲਾਂ 5 ਨਵੰਬਰ ਤੋਂ ਚਾਲੂ ਕਰਨ ਆਦਿ ਮੰਗਾਂ ਨੂੰ ਲੈ ਕੇ ਪੰਜਾਬ ਵਿੱਚ ਮਾਝਾ, ਮਾਲਵਾ, ਦੋਆਬਾ ਵਿੱਚ ਸਰਹਿੰਦ, ਫਿਰੋਜ਼ਪੁਰ, ਮਲੋਟ, ਮੁਕੇਰੀਆਂ, ਹਰੀਕੇ, ਫਾਜਿਲਕਾ, ਮੋਗਾ, ਧਾਰੀਵਾਲ, ਮਾਨਾਵਾਲ ਅਮ੍ਰਿਤਸਰ, ਤਪਾਮੰਡੀ ਵਿੱਚ ਅਣਮਿੱਥੇ ਸਮੇਂ ਲਈ ਨੈਸ਼ਨਲ ਹਾਈਵੇ ਜਾਮ ਕੀਤੇ ਗਏ।
ਇਸ ਮੌਕੇ ਗੈਰ ਰਾਜਨੀਤਿਕ SKM ਦੇ ਆਗੂਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਮਸਲਿਆਂ ਸਬੰਧੀ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੰਯੁਕਤ ਕਿਸਾਨ ਮੋਰਚਾ ਗ਼ੈਰ ਰਾਜਨੀਤਕ ਦੀ 2 ਅਗਸਤ ਨੂੰ ਹੋਈ ਮੀਟਿੰਗ ਵਿਚ ਸਰਕਾਰ ਵੱਲੋ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ ਗਏ। ਜਿਵੇਂ ਕਿ ਸਰਕਾਰ ਵੱਲੋ ਵਾਅਦਾ ਕੀਤਾ ਗਿਆ ਸੀ ਕਿ ਗੰਨੇ ਦੀ ਸਾਰੀ ਬਕਾਇਆ ਰਾਸ਼ੀ ਦੀ ਅਦਾਇਗੀ 7 ਸਤੰਬਰ ਤੱਕ ਕਰ ਦਿੱਤੀ ਜਾਵੇਗੀ |
ਪਰ ਪੰਜਾਬ ਸਰਕਾਰ ਨੇ ਅਜੇ ਤੱਕ ਸਰਕਾਰੀ ਖੰਡ ਮਿੱਲਾਂ ਦਾ ਪੈਸਾ ਹੀ ਜਾਰੀ ਕੀਤਾ ਹੈ ਅਤੇ ਪ੍ਰਾਈਵੇਟ ਮਿੱਲਾਂ ਦਾ ਪੈਸਾ ਉਸੇ ਤਰ੍ਹਾਂ ਬਾਕੀ ਪਿਆ ਹੈ ਉਸ ਨੂੰ ਜਾਰੀ ਕਰਵਾਉਣ ਲਈ ਅਤੇ ਅੱਗੇ ਤੋਂ ਗੰਨੇ ਦੀ ਫਸਲ ਦੀ ਕਾਉਂਟਰ ਪੇਮੈਂਟ ਯਕੀਨੀ ਬਣਾਉਣ ਲਈ ਅਤੇ ਗੰਨੇ ਦਾ ਭਾਅ ਲਾਗਤ ਮੁੱਲ ਅਨੁਸਾਰ ਮਿੱਥਣ ਲਈ,ਕਿਸਾਨੀ ਸੰਘਰਸ਼ ਦੇ ਸ਼ਹੀਦ ਕਿਸਾਨਾਂ ਦੇ ਇਕ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਰਹਿੰਦੇ ਪ੍ਰੀਵਾਰਾ ਨੂੰ 5 ਲੱਖ ਦਾ ਮੁਆਵਜ਼ਾ ਦੇਣ,ਕਣਕ ਦੀ ਫਸਲ ਉੱਪਰ ਬੋਨਸ, ਖੇਤੀਬਾੜੀ ਮਹਿਕਮੇ ਦੀ ਲਾਪ੍ਰਵਾਹੀ ਅਤੇ ਚਿੱਟੇ ਮੱਛਰ ਕਾਰਨ ਨੁਕਸਾਨੇ ਨਰਮੇ ਦਾ ਮੁਆਵਜਾ, ਗੜੇਮਾਰੀ ਨਾਲ ਖਰਾਬ ਹੋਈ ਬਾਸਮਤੀ ਅਤੇ ਘਾਟੇ ਵਿੱਚ ਵਿਕੀ ਅਤੇ ਖੇਤਾਂ ‘ਚ ਖਰਾਬ ਹੋਈ ਮੂੰਗੀ ਦੇ ਨੁਕਸਾਨ ਦੀ ਪੂਰਤੀ ਆਦਿ ਮੀਟਿੰਗ ਵਿੱਚ ਮੰਨੀਆਂ ਗਈਆਂ ਦੀ ਪੂਰਤੀ ਲਈ ਨੈਸ਼ਨਲ ਹਾਈਵੇ ਧਰਨਾ ਦੇ ਕੇ ਬੰਦ ਕਰਨ ਲਈ ਮਜਬੂਰ ਹੋਣਾ ਪਿਆ |
ਜਿਸ ਉਪਰੰਤ ਕਿਸਾਨਾਂ ਦੇ ਰੋਹ ਅੱਗੇ ਝੁਕਦੇ ਹੋਏ ਸਰਕਾਰ ਵੱਲੋ ਦੋ ਮੰਗਾਂ ਨੂੰ ਫੌਰੀ ਤੌਰ ਤੇ ਮੰਨ ਕੇ ਖੇਤੀਬਾੜੀ ਮੰਤਰੀ ਨੇ ਐਲਾਨ ਕੀਤਾ ਤੇ ਕਿਹਾ ਕਿ ਝੋਨੇ ਦੀ ਫਸਲ ਲਈ ਕੋਈ ਖਰੀਦ ਲਿਮਟ ਦੀ ਸ਼ਰਤ ਨਹੀ ਹੋਵੇਗੀ ਤੇ ਝੋਨੇ ਦਾ ਦਾਣਾ-ਦਾਣਾ ਚੁੱਕਿਆ ਜਾਵੇਗਾ ਅਤੇ ਸੂਬੇ ਭਰ ਦੀਆ ਸਾਰੀਆਂ ਖੰਡ ਮਿੱਲਾਂ 5 ਨਵੰਬਰ ਤੱਕ ਚਾਲੂ ਕਰ ਦਿੱਤੀਆ ਜਾਣਗੀਆਂ ਅਤੇ ਬਾਕੀ ਰਹਿਦੀਆਂ ਮੰਗਾਂ ਲਈ 6 ਅਕਤੂਬਰ ਨੂੰ ਮਾਣਯੋਗ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਤੈਅ ਹੋਣ ਉਪਰੰਤ ਅਣਮਿੱਥੇ ਸਮੇਂ ਦਾ ਚੱਕਾ ਜਾਮ 6 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ SKM ਗੈਰ ਰਾਜਨੀਤਿਕ ਦੇ ਆਗੂਆਂ ਨੇ ਕਿਹਾ 6 ਤਾਰੀਖ ਦੀ ਮੀਟਿੰਗ ਦੇ ਵਿੱਚ ਆਉਣ ਵਾਲੇ ਨਤੀਜੇ ਨੂੰ ਦੇਖਿਆ ਜਾਵੇਗਾ ਅਤੇ ਜੇਕਰ ਲੋੜ ਪਈ ਤਾਂ ਉਸ ਤੋ ਬਾਅਦ ਅੰਦੋਲਨ ਨੂੰ ਹੋਰ ਤਿੱਖਾ ਤੇ ਤੇਜ਼ ਕੀਤਾ ਜਾਵੇਗਾ।